ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ 34.47 ਕਰੋੜ ਦਾ ਰੱਖਿਆ ਨੀਂਹ ਪੱਥਰ
Tuesday, Mar 14, 2023 - 08:13 PM (IST)
ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ (ਬਿਊਰੋ) : ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਮਲੋਟ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ 34.47 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਆਪਣੇ ਕਰ-ਕਮਲਾਂ ਨਾਲ ਰੱਖਿਆ। ਡਾ. ਬਲਜੀਤ ਕੌਰ ਨੇ ਅੱਜ ਮਲੋਟ ਹਲਕੇ ਦੇ 18 ਪਿੰਡਾਂ ਦੇ ਵਿਕਾਸ ਲਈ 12 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਮਲੋਟ ਵਾਸੀਆਂ ਦੀ ਸੀਵਰੇਜ ਸਮੱਸਿਆ ਨੂੰ ਹੱਲ ਕਰਨ ਲਈ ਇਸ ਪ੍ਰੋਜੈਕਟ ਨੂੰ ਮਨਜ਼ੂਰ ਕੀਤਾ ਗਿਆ ਹੈ। ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਵਿੱਦਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਦਵਾਈ ਨਿਰਮਾਤਾ ਕੰਪਨੀ Novo Nordisk ਇੰਸੁਲਿਨ ਦੀ ਕੀਮਤ 'ਚ 75 ਫ਼ੀਸਦੀ ਤੱਕ ਕਰੇਗੀ ਕਟੌਤੀ
ਇਸ ਮੌਕੇ ਐੱਸ.ਐੱਸ. ਢਿੱਲੋਂ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਬਠਿੰਡਾ ਨੇ ਦੱਸਿਆ ਕਿ ਮਲੋਟ ਸ਼ਹਿਰ ਵਿਖੇ 185 ਕਿਲੋਮੀਟਰ ਸੀਵਰੇਜ ਵਿਛਿਆ ਹੋਇਆ ਹੈ ਅਤੇ 95 ਫ਼ੀਸਦੀ ਇਲਾਕਾ ਸੀਵਰੇਜ ਸੁਵਿਧਾਵਾਂ ਨਾਲ ਕਵਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2010-2015 ਦੇ ਦਹਾਕੇ ਵਿੱਚ ਸੇਮ ਦੇ ਵਧੇ ਹੋਏ ਲੈਵਲ ਕਰਕੇ ਮੇਨ ਸੀਵਰੇਜ ਨੂੰ ਭਾਰੀ ਨੁਕਸਾਨ ਪੁੱਜਾ ਸੀ, ਜਿਸ ਕਰਕੇ ਸ਼ਹਿਰ ਦੇ ਕਾਫੀ ਇਲਾਕਿਆਂ ਵਿੱਚ ਸੀਵਰੇਜ ਬੈਕ ਫਲੋ ਦੀ ਮੁਸ਼ਕਿਲ ਪੇਸ਼ ਆ ਰਹੀ ਹੈ। ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਨੂੰ ਵੇਖਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਪੁਰਾਣੇ ਡੈਮੇਜ ਸੀਵਰੇਜ, ਮਸ਼ੀਨਰੀ ਨੂੰ ਬਦਲਣ ਹਿੱਤ ਅਤੇ ਨਵੇਂ ਐੱਸ.ਟੀ.ਪੀ. ਦੀ ਉਸਾਰੀ ਹਿੱਤ 34.47 ਕਰੋੜ ਰੁਪਏ ਦੀ ਇਕ ਡੀ.ਪੀ.ਆਰ. ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਅਤੇ ਸੰਨੀ ਆਹਲੂਵਾਲੀਆ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਪ੍ਰਵਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਰਨਾਲਾ 'ਚ ਭਾਜਪਾ ਨੂੰ ਮਿਲਿਆ ਵੱਡਾ ਸਮਰਥਨ, 100 ਦੇ ਕਰੀਬ ਪਰਿਵਾਰਾਂ ਨੂੰ ਕੇਵਲ ਢਿੱਲੋਂ ਨੇ BJP 'ਚ ਕੀਤਾ ਸ਼ਾਮਲ
ਕੈਬਨਿਟ ਮੰਤਰੀ ਨੇ ਆਪਣੇ ਦੌਰੇ ਦੌਰਾਨ ਇਹ ਵੀ ਐਲਾਨ ਕੀਤਾ ਕਿ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦਾ ਨਿਰਮਾਣ ਜਲਦੀ ਸ਼ੁਰੂ ਹੋ ਜਾਵੇਗਾ ਤਾਂ ਜੋ ਇਸ ਸੜਕ 'ਤੇ ਆਉਣ-ਜਾਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਸ਼ਨ ਬਰਾੜ, ਕਰਮਜੀਤ ਸ਼ਰਮਾ, ਰਮੇਸ਼ ਕੁਮਾਰ, ਸਤਿਗੁਰਦੇਵ ਪੱਪੀ, ਮਦਨ ਮੋਹਨ ਮੱਕੜ ਐੱਸ.ਡੀ.ਓ., ਹਰਜਿੰਦਰ ਸਿੰਘ, ਰਾਜਵੰਤ ਸਿੰਘ, ਲਖਵਿੰਦਰ ਸਿੰਘ ਅਤੇ ਪਤਵੰਤੇ ਮੌਜੂਦ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।