ਨੌਜਵਾਨਾਂ ਤੋਂ ਅੱਤਵਾਦੀ ਵਾਰਦਾਤਾਂ ਕਰਵਾਉਣ ਵਾਲੇ ਰਿੰਦਾ ’ਤੇ ਦਰਜ ਸਨ ਦਰਜਨਾਂ ਅਪਰਾਧਿਕ ਮਾਮਲੇ
Saturday, Nov 19, 2022 - 10:32 PM (IST)
ਲੁਧਿਆਣਾ (ਪੰਕਜ) : ਪਾਕਿਸਤਾਨ 'ਚ ਸ਼ੱਕੀ ਹਾਲਾਤਾਂ ਵਿੱਚ ਮਾਰੇ ਗਏ ਗੈਂਗਸਟਰ ਤੋਂ ਅੱਤਵਾਦੀ ਬਣ ਚੁੱਕੇ ਹਰਵਿੰਦਰ ਰਿੰਦਾ ਦੇਸ਼ ਤੋਂ ਫਰਾਰ ਹੋਣ ਤੋਂ ਬਾਅਦ ਆਈ.ਐੱਸ.ਆਈ. ਦੇ ਇਸ਼ਾਰੇ ’ਤੇ ਪੰਜਾਬ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪੰਜਾਬ ਅਤੇ ਹਰਿਆਣਾ ਦੇ ਘੱਟ ਉਮਰ ਦੇ ਅਤੇ ਇੱਕਾਦੁੱਕਾ ਅਪਰਾਧਕ ਘਟਨਾਵਾਂ ਵਿੱਚ ਸ਼ਾਮਲ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਰਿਹਾ ਸੀ ਜਿਸ 'ਚ ਉਸ ਦੀ ਮਦਦ ਗੈਂਗਸਟਰ ਲੰਡਾ ਹਰੀਕੇ ਵੱਲੋਂ ਕੀਤੀ ਜਾ ਰਹੀ ਸੀ। ਪਿਛਲੇ ਕੁਝ ਮਹੀਨੇ ਦੇ ਅੰਦਰ ਕਈ ਵੱਡੀਆਂ ਅਪਰਾਧਕ ਘਟਨਾਵਾਂ 'ਚ ਫੜੇ ਮੁਲਜ਼ਮ ਜਾਂ ਤਾਂ ਘੱਟ ਉਮਰ ਦੇ ਸਨ ਜਾਂ ਫਿਰ ਉਹ ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ ਅਤੇ ਉਨ੍ਹਾਂ ਦੀ ਇਸ ਲੋੜ ਨੂੰ ਰਿੰਦਾ ਪੂਰਾ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ।
ਇਹ ਵੀ ਪੜ੍ਹੋ : BSF ਦੇ ਹੱਥ ਲੱਗੀ ਵੱਡੀ ਸਫਲਤਾ, ਖੇਤਾਂ 'ਚੋਂ ਕਰੋੜਾਂ ਦੀ ਹੈਰੋਇਨ ਬਰਾਮਦ
ਪੰਜਾਬ 'ਚ ਕਈ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਰਿੰਦਾ ਵੱਲੋਂ ਕੈਨੇਡਾ 'ਚ ਰਹਿ ਰਹੇ ਗੈਂਗਸਟਰ ਲੰਡਾ ਹਰੀਕੇ ਦੀ ਮਦਦ ਨਾਲ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਸਮੇਤ ਸਰਹੱਦੀ ਨਾਲ ਲਗਦੇ ਇਲਾਕਿਆਂ 'ਚ ਰਹਿਣ ਵਾਲੇ ਨੌਜਵਾਨਾਂ ਦੀ ਕਿਸ ਤਰ੍ਹਾਂ ਦੁਰਵਰਤੋਂ ਕਰ ਰਿਹਾ ਸੀ। ਉਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਪੰਜਾਬ ਅਤੇ ਦਿੱਲੀ ਪੁਲਸ ਵੱਲੋਂ ਚਲਾਏ ਸਾਂਝੇ ਅਪ੍ਰੇਸ਼ਨ ਦੌਰਾਨ ਅਕਤੂਬਰ ਮਹੀਨੇ ਵਿਚ ਹਰਮਿੰਦਰ ਸਿੰਘ ਨਾਮੀ ਆਰਮ ਸਮੱਗਲਰ ਤੋਂ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਬਲਰਾਜ ਸਿੰਘ, ਆਤਿਸ਼ ਕੁਮਾਰ ਅਤੇ ਅਵਿਨਾਸ਼ ਕੁਮਾਰ ਨੂੰ ਏ.ਕੇ-47, ਤਿੰਨ ਪਿਸਤੌਲਾਂ ਤੇ ਹੋਰ ਧਮਾਕਾਖੇਜ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਸੀ।
ਪੁੱਛਗਿਛ ਦੌਰਾਨ ਹਰਮਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਹਥਿਆਰਾਂ ਦੀ ਇਹ ਖੇਪ ਲੰਡਾ ਦੇ ਕਹਿਣ ’ਤੇ ਦਿੱਤੀ ਸੀ। ਉਸ ਨੇ ਖੁਲਾਸਾ ਕੀਤਾ ਸੀ ਕਿ ਆਤਿਸ਼ ਦੇ ਕੋਲ ਆਪਣੇ ਪਿਤਾ ਦੇ ਇਲਾਜ ਲਈ ਪੈਸੇ ਨਹੀਂ ਸਨ, ਜਿਸ ਦੀ ਭਿਣਕ ਲੰਡਾ ਨੂੰ ਪਈ ਤਾਂ ਉਸ ਨੇ ਰਿੰਦਾ ਤੋਂ ਦੋ ਲੱਖ ਰੁਪਏ ਦੀ ਰਕਮ ਆਤਿਸ਼ ਨੂੰ ਭਿਜਵਾ ਦਿੱਤੀ ਜਿਸ ਤੋਂ ਬਾਅਦ ਆਤਿਸ਼, ਜਿਸ ’ਤੇ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਸੀ, ਦੋਵਾਂ ਦਾ ਵਫਾਦਾਰ ਬਣ ਗਿਆ ਅਤੇ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਟਾਸਕ ਪੂਰੇ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹੋ ਗਿਆ। ਉਸੇ ਦੀ ਤਰ੍ਹਾਂ ਰਿੰਦਾ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਨੌਜਵਾਨਾਂ ਨੂੰ ਪੈਸਿਆਂ ਦੇ ਲਾਲਚ ਵਿਚ ਫਸਾ ਕੇ ਆਪਣੇ ਗੈਂਗ ਵਿਚ ਸ਼ਾਮਲ ਕਰ ਲਏ ਜੋ ਸਰਹੱਦ ਪਾਰੋਂ ਰਿੰਦਾ ਵੱਲੋਂ ਡ੍ਰੋਨ ਰਾਹੀਂ ਭੇਜੀ ਜਾਣ ਵਾਲੀ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਟਿਕਾਣੇ ਪਹੁੰਚਾਉਣ ਦੇ ਨਾਲ ਕਤਲ, ਕਤਲ ਦੇ ਯਤਨ ਅਤੇ ਫਿਰੌਤੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਤੇ ਉਨ੍ਹਾਂ ਦੀ ਪਤਨੀ ਨੇ ਅਟਾਰੀ-ਵਾਹਗਾ ਸਰਹੱਦ 'ਤੇ ਰੀਟ੍ਰੀਟ ਸੈਰਾਮਨੀ ਦਾ ਮਾਣਿਆ ਆਨੰਦ
ਦੇਸ਼ ਤੋਂ ਫਰਾਰ ਹੋਣ ਤੋਂ ਪਹਿਲਾਂ ਰਿੰਦਾ ’ਤੇ ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ਵਿਚ ਕਤਲ ਅਤੇ ਫਿਰੌਤੀ ਵਰਗੇ ਕਈ ਸੰਗੀਨ ਮਾਮਲੇ ਦਰਜ ਸਨ ਪਰ ਪਾਕਿਸਤਾਨ ਜਾਣ ਤੋਂ ਬਾਅਦ ਉਹ ਆਈ.ਐੱਸ.ਆਈ. ਦੇ ਸੰਪਰਕ ਵਿਚ ਆ ਗਿਆ ਅਤੇ ਉਸ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਅੱਤਵਾਦੀ ਘਟਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਲਈ ਉਸ ਨੇ ਰਾਜ ਵਿਚ ਸਰਗਰਮ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਪ੍ਰਮੁੱਖ ਗੈਂਗਸਟਰਾਂ ਤੋਂ ਇਲਾਵਾ ਘੱਟ ਉਮਰ ਦੇ ਨੌਜਵਾਨਾਂ ਦੀ ਲੰਬੀ ਫੌਜ ਨਾਲ ਜੋੜ ਲਈ ਸੀ।
ਮੋਹਾਲੀ ਵਿਚ ਸਰਪੰਚ ਦਾ ਬੇਦਰਦੀ ਨਾਲ ਕਤਲ ਤੋਂ ਬਾਅਦ ਫਰਾਰ ਹੋਏ ਰਿੰਦਾ ’ਤੇ ਪੰਜਾਬ ਪੁਲਸ ਦੇ ਹੈੱਡਕਵਾਟਰ ’ਤੇ ਗ੍ਰੇਨੇਡ ਹਮਲਾ ਕਰਵਾਉਣ ਤੋਂ ਇਲਾਵਾ ਅੰਮ੍ਰਿਤਸਰ ਵਿਚ ਸਬ-ਇੰਸਪੈਕਟਰ ਦੀ ਗੱਡੀ ਦੇ ਥੱਲੇ ਬੰਬ ਫਿੱਟ ਕਰਨ, ਮਹਾਰਾਸ਼ਟਰ ਦੇ ਨਾਂਦੇੜ ਵਿਚ ਪ੍ਰਮੁੱਖ ਬਿਲਡਰ ਸੰਜੇ ਬਿਆਨੀ ਦਾ ਕਤਲ, ਤਰਨਤਾਰਨ ਦੇ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਕਤਲ ਕਰਵਾਉਣ ਸਮੇਤ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਵਾਰਦਾਤ ਨੂੰ ਅੰਜਾਮ ਦਿਵਾਉਣ ਤੋਂ ਬਾਅਦ ਰਿੰਦਾ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਜਾ ਰਹੀ ਸੀ। ਪੰਜਾਬ ਦੀ ਅਮਨ-ਸ਼ਾਂਤੀ ਲਈ ਰਿੰਦਾ ਦਾ ਮੌਤ ਜਿਥੇ ਰਾਹਤ ਲਿਆਉਣ ਵਾਲੀ ਖਬਰ ਹੈ, ਉਥੇ ਇਸ ਤੋਂ ਪਹਿਲਾਂ ਦੀ ਪੰਜਾਬ ਵਿਚ ਸਰਗਰਮ ਉਸ ਦੇ ਮੇਡਿਊਲ ਦੀ ਕਮਾਨ ਕਿਸੇ ਹੋਰ ਗੈਂਗਸਟਰ ਦੇ ਹੱਥਾਂ ਵਿਚ ਆਵੇ, ਉਸ ਨੂੰ ਖਤਮ ਕਰਨ ਦੀ ਚੁਣੌਤੀ ਵੀ ਪੰਜਾਬ ਪੁਲਸ ਦੇ ਮੋਢਿਆਂ ’ਤੇ ਹੈ।