ਦਾਜ ਦੇ ਲਾਲਚੀਆਂ ਨੇ ਬੱਚੀ ਸਣੇ ਪਤਨੀ ਨੂੰ ਕੱਢਿਆ ਘਰੋਂ ਬਾਹਰ
Monday, Jun 08, 2020 - 07:38 PM (IST)
ਕਪੂਰਥਲਾ (ਭੂਸ਼ਣ)— ਇਕ ਵਿਆਹੁਤਾ ਨੂੰ ਦਾਜ ਦੀ ਖਾਤਰ 13 ਮਹੀਨਿਆਂ ਦੀ ਬੱਚੀ ਸਣੇ ਘਰੋਂ ਬਾਹਰ ਕੱਢਣ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਤਨੂ ਸ਼ਰਮਾ ਪੁੱਤਰੀ ਜਗਦੀਸ਼ ਕੁਮਾਰ ਸ਼ਰਮਾ ਵਾਸੀ ਲਾਹੌਰੀ ਗੇਟ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਵਿਆਹ ਅਪ੍ਰੈਲ 2018 'ਚ ਫਗਵਾੜਾ ਦੇ ਮੁਹੱਲਾ ਸਤਨਾਮਪੁਰਾ ਵਾਸੀ ਹਿਮਾਂਸ਼ੂ ਭਾਰਦਵਾਜ ਪੁੱਤਰ ਪ੍ਰਤਾਪ ਰਾਏ ਨਾਲ ਹੋਇਆ ਸੀ। ਉਸ ਦਾ ਵਿਆਹ ਕਪੂਰਥਲਾ ਸ਼ਹਿਰ ਦੇ ਇਕ ਪੈਲੇਸ 'ਚ ਹੋਇਆ ਸੀ, ਜਿਸ 'ਚ ਉਸ ਦੇ ਮਾਤਾ-ਪਿਤਾ ਨੇ ਦਾਜ ਤੌਰ 'ਤੇ ਕਾਫ਼ੀ ਮੋਟੀ ਰਕਮ ਖਰਚ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਉਸ ਦਾ ਪਤੀ ਉਸ ਨੂੰ ਘੱਟ ਦਾਜ ਲਿਆਉਣ ਦਾ ਬਹਾਨਾ ਬਣਾ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ ਅਤੇ ਮੋਟਰਸਾਈਕਲ ਅਤੇ ਹੋਰ ਦਾਜ ਦੀ ਮੰਗ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਤਾਲਾਬੰਦੀ 'ਚ ਜਲੰਧਰ ਦੇ ਮੁੰਡੇ ਦਾ ਮੁੰਬਈ 'ਚ ਅਨੋਖਾ ਵਿਆਹ, ਕੁਝ ਇਸ ਤਰ੍ਹਾਂ ਸ਼ਾਮਲ ਹੋਏ 200 ਤੋਂ ਵਧੇਰੇ ਮਹਿਮਾਨ
ਜਦੋਂ ਉਸ ਨੇ ਇਹ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸ ਦਾ ਘਰ ਵਸਾਉਣ ਦੇ ਮਕਸਦ ਨਾਲ ਉਸ ਦੇ ਮਾਤਾ-ਪਿਤਾ ਨੇ ਪੰਚਾਇਤ ਬੁਲਾਈ ਪਰ ਪੰਚਾਇਤ ਬੁਲਾਉਣ ਦੇ ਬਾਵਜੂਦ ਵੀ ਉਸ ਦਾ ਪਤੀ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਰਿਹਾ। ਜਿਸ ਦੌਰਾਨ ਉਸ ਨੇ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਬੱਚੀ ਨੂੰ ਜਨਮ ਦਿੱਤਾ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਵਿਆਹ ਤੋਂ ਇਕ ਹਫ਼ਤਾ ਪਹਿਲਾਂ ਗੋਲ਼ੀਆਂ ਮਾਰ ਕਤਲ ਕੀਤਾ ਨੌਜਵਾਨ
ਜਦੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਦਾ ਪਤੀ ਉਸ ਨੂੰ ਕਪੂਰਥਲਾ ਛੱਡ ਗਿਆ ਅਤੇ ਕਹਿਣ ਲੱਗਾ ਕਿ ਉਹ 40 ਦਿਨ ਬਾਅਦ ਆ ਕੇ ਉਸ ਨੂੰ ਲੈ ਜਾਵੇਗਾ ਪਰ 13 ਮਹੀਨੇ ਬੀਤਣ ਦੇ ਬਾਅਦ ਵੀ ਉਸ ਦਾ ਪਤੀ ਉਸ ਨੂੰ ਅਤੇ ਉਸ ਦੀ ਬੇਟੀ ਨੂੰ ਲੈਣ ਨਹੀਂ ਆਇਆ। ਜਿਸ ਕਾਰਨ ਤੰਗ ਆ ਕੇ ਉਸ ਨੂੰ ਐੱਸ. ਐੱਸ. ਪੀ. ਅੱਗੇ ਇਨਸਾਫ ਦੀ ਗੁਹਾਰ ਲਗਾਉਣੀ ਪਈ। ਉਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. (ਪੀ. ਬੀ. ਆਈ.) ਮਨਦੀਪ ਸਿੰਘ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜਮ ਹਿਮਾਂਸ਼ੂ ਭਾਰਦਵਾਜ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਸਾਬਤ ਹੋਏ, ਜਿਸ ਦੇ ਆਧਾਰ 'ਤੇ ਹਿਮਾਂਸ਼ੂ ਭਾਰਦਵਾਜ ਖਿਲਾਫ ਥਾਣਾ ਸਿਟੀ ਕਪੂਰਥਲਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ 'ਚ ਸੰਗਤ ਤੇ ਵਿਜ਼ਿਟਰਸ ਦੀ ਐਂਟਰੀ 31 ਅਗਸਤ ਤੱਕ ਰਹੇਗੀ ਬੰਦ