ਦਾਜ ਮੰਗਣ ''ਤੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ
Wednesday, Jul 19, 2017 - 01:53 AM (IST)
ਸੰਦੌੜ(ਬੋਪਾਰਾਏ)— ਥਾਣਾ ਸੰਦੌੜ ਦੀ ਪੁਲਸ ਨੇ ਦਾਜ ਮੰਗਣ ਦੇ ਮਾਮਲੇ 'ਚ ਮਾਂ-ਪੁੱਤ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸੰਦੌੜ ਦੇ ਮੁੱਖ ਅਫ਼ਸਰ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਕੌਰ ਪੁੱਤਰੀ ਅੱਛਰਾ ਸਿੰਘ ਵਾਸੀ ਗੁਰਬਖਸ਼ਪੁਰਾ ਗੰਡੇਵਾਲ ਦਾ ਪਵਨਦੀਪ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਭੂਦਨ ਨਾਲ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਲੜਕੀ ਨੂੰ ਪਰਿਵਾਰ ਵਾਲਿਆਂ ਨੇ ਵਿਆਹ 'ਚ ਆਪਣੀ ਹੈਸੀਅਤ ਮੁਤਾਬਿਕ ਘਰੇਲੂ ਵਰਤੋਂ ਵਾਲਾ ਸਾਮਾਨ ਦਿੱਤਾ ਸੀ ਪਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਬੀਤੇ ਦਿਨੀਂ ਲੜਕੀ ਦੇ ਪਤੀ ਪਵਨਦੀਪ ਸਿੰਘ ਅਤੇ ਸੱਸ ਚਰਨਜੀਤ ਕੌਰ ਨੇ ਲੜਕੀ ਨੂੰ ਹੋਰ ਪੈਸੇ ਲਿਆਉਣ ਦੀ ਮੰਗ ਕੀਤੀ ਪਰ ਲੜਕੀ ਵੱਲੋਂ ਨਾਂਹ ਕਰਨ 'ਤੇ ਦੋਵਾਂ ਨੇ ਉਸਦੀ ਕੁੱਟਮਾਰ ਕੀਤੀ। ਇੰਸਪੈਕਟਰ ਰਣਬੀਰ ਸਿੰਘ ਅਨੁਸਾਰ ਪੁਲਸ ਨੇ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਲੜਕੀ ਇੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਪਵਨਦੀਪ ਸਿੰਘ ਅਤੇ ਸੱਸ ਚਰਨਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
