ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

Thursday, Mar 04, 2021 - 10:39 AM (IST)

ਜਲੰਧਰ (ਵਰੁਣ)– ਗ੍ਰੇਟਰ ਕੈਲਾਸ਼ ਵਿਚ ਸ਼ੀਸ਼ਾ ਵਪਾਰੀ ਦੀ ਨਿਰਮਾਣ ਅਧੀਨ ਕੋਠੀ ਅੰਦਰ ਹੋਏ ਡਬਲ ਮਰਡਰ ਕੇਸ ਦੇ ਮੁਲਜ਼ਮ ਰਾਜਾ ਨੂੰ ਪੁਲਸ ਨੇ ਕੋਰਟ ਵਿਚ ਪੇਸ਼ ਕਰਕੇ 3 ਦਿਨ ਦੇ ਰਿਮਾਂਡ ’ਤੇ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਰਾਜਾ ਯਾਦਵ ਨੇ ਕਿਹਾ ਕਿ ਉਸ ਦੇ ਦੋਵੇਂ ਮਾਮੇ ਰਾਮ ਸਵਰੂਪ ਅਤੇ ਕੋਮਲ ਅਕਸਰ ਉਸ ਨੂੰ ਕਿਹਾ ਕਰਦੇ ਸਨ ਕਿ ਤੇਰਾ ਵੀ ਹਾਲ ਤੇਰੇ ਪਰਿਵਾਰ ਵਰਗਾ ਹੋਵੇਗਾ, ਜਿਸ ਕਾਰਨ ਉਸ ਨੂੰ ਇਸ ਗੱਲ ਦਾ ਗੁੱਸਾ ਸੀ ਅਤੇ ਇਹੀ ਕਾਰਨ ਸੀ ਕਿ ਉਸ ਨੇ ਆਪਣੇ ਦੋਵਾਂ ਮਾਮਿਆਂ ਦਾ ਕਤਲ ਕਰ ਦਿੱਤਾ।

PunjabKesari

ਇੰਝ ਹੋਇਆ ਸੀ ਮੁਲਜ਼ਮ ਦਾ ਪਰਿਵਾਰ ਖ਼ਤਮ
ਪੁੱਛਗਿੱਛ ਵਿਚ ਇਹ ਵੀ ਪਤਾ ਲੱਗਾ ਕਿ ਲਗਭਗ 15 ਸਾਲ ਪਹਿਲਾਂ ਰਾਜਾ ਦੀ ਮਾਤਾ ਦੀ ਮੌਤ ਵੀ ਹੋ ਗਈ ਸੀ, ਜਦਕਿ 2010 ਵਿਚ ਪਿਤਾ ਬੱਚੂ ਯਾਦਵ ਨੇ ਸੁਸਾਈਡ ਕਰ ਲਿਆ ਅਤੇ ਫਿਰ ਭਰਾ ਦੀ ਵੀ ਮੌਤ ਹੋ ਗਈ। ਇਕ ਤਰ੍ਹਾਂ ਰਾਜਾ ਦਾ ਸਾਰਾ ਪਰਿਵਾਰ ਹੀ ਖ਼ਤਮ ਹੋ ਗਿਆ ਸੀ। ਘਰ ਵਿਚ ਹੋਈਆਂ ਮੌਤਾਂ ਦਾ ਕਾਰਨ ਉਹ ਆਪਣੇ ਦੋਵਾਂ ਮਾਮਿਆਂ ਨੂੰ ਮੰਨਦੇ ਸਨ। ਰਾਜਾ ਨੇ ਕਿਹਾ ਕਿ ਮਾਮਿਆਂ ਵੱਲੋਂ ਕਹੀਆਂ ਗੱਲਾਂ ਉਸ ਦੇ ਦਿਲ ਵਿਚ ਘਰ ਕਰ ਗਈਆਂ ਸਨ, ਜਿਸ ਕਾਰਨ ਉਸ ਦਾ ਗੁੱਸਾ ਵਧਦਾ ਗਿਆ।

PunjabKesari

ਦੋਸਤ ਨਾਲ ਦਿੱਤਾ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ
ਉਸ ਨੇ ਕਿਹਾ ਕਿ ਜਦੋਂ ਉਹ ਨਿਰਮਾਣ ਅਧੀਨ ਕੋਠੀ ਵਿਚ ਗਿਆ ਤਾਂ ਉਦੋਂ ਵੀ ਉਸ ਦੇ ਮਾਮੇ ਨੇ ਇਹੀ ਗੱਲ ਬੋਲੀ, ਜਿਸ ਤੋਂ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਆਪਣੇ ਦੋਸਤ ਆਕਾਸ਼ ਨਾਲ ਮਿਲ ਕੇ ਹਥੌੜੀ ਅਤੇ ਇੱਟਾਂ ਨਾਲ ਆਪਣੇ ਦੋਵੇਂ ਮਾਮਿਆਂ ਦਾ ਕਤਲ ਕਰ ਦਿੱਤਾ। ਉਥੇ ਹੀ ਪੁਲਸ ਨੇ ਬੁੱਧਵਾਰ ਨੂੰ ਕੋਮਲ ਦਾ ਕੱਟਿਆ ਹੱਥ ਲੱਭਣ ਲਈ ਗ੍ਰੇਟਰ ਕੈਲਾਸ਼ ਇਲਾਕੇ ਵਿਚ ਸਰਚ ਕੀਤੀ ਪਰ ਕੋਮਲ ਦਾ ਹੱਥ ਨਹੀਂ ਮਿਲਿਆ। ਇਸ ਮਾਮਲੇ ਵਿਚ ਫਰਾਰ ਮੁਲਜ਼ਮ ਆਕਾਸ਼ ਨੂੰ ਲੱਭਣ ਲਈ ਪੁਲਸ ਨੇ ਲੁਧਿਆਣਾ ਸਮੇਤ ਜਲੰਧਰ ਦੇ ਕਈ ਇਲਾਕਿਆਂ ਵਿਚ ਵੀ ਛਾਪੇਮਾਰੀ ਕੀਤੀ ਪਰ ਆਕਾਸ਼ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਮੁਲਜ਼ਮ ਮੋਬਾਇਲ ਫੋਨ ਵੀ ਇਸਤੇਮਾਲ ਨਹੀਂ ਕਰਦਾ ਸੀ, ਜਿਸ ਕਾਰਨ ਉਸ ਦੇ ਮੋਬਾਇਲ ਦੀ ਲੋਕੇਸ਼ਨ ਨਹੀਂ ਮਿਲੀ, ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਓਧਰ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਰਾਜਾ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖ਼ੂਨ ਨਾਲ ਲਿਬੜੇ ਕੱਪੜੇ ਅਤੇ ਹਥੌੜੀ ਬਰਾਮਦ ਕੀਤੀ ਜਾਣੀ ਹੈ। ਦੱਸ ਦੇਈਏ ਕਿ ਮੰਗਲਵਾਰ ਦੀ ਸਵੇਰੇ ਕਰੀਬ 9 ਵਜੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਸ਼ੀਸ਼ਾ ਵਪਾਰੀ ਦੀ ਨਵੀਂ ਬਣ ਰਹੀ ਕੋਠੀ ਵਿਚ 2 ਮਜ਼ਦੂਰਾਂ ਰਾਮ ਸਵਰੂਪ ਅਤੇ ਕੋਮਲ ਦੋਵੇਂ ਵਾਸੀ ਛਤਰਪੁਰ ਮੱਧ ਪ੍ਰਦੇਸ਼ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲੀਆਂ ਸਨ। 

PunjabKesari

ਦੋਵਾਂ ਦੇ ਸਿਰ ’ਤੇ ਹਥੌੜੀ ਅਤੇ ਇੱਟਾਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ, ਜਦਕਿ ਕੋਮਲ ਦਾ ਇਕ ਹੱਥ ਵੀ ਕੱਟਿਆ ਗਿਆ ਸੀ। ਹਾਲਾਂਕਿ ਪੁਲਸ ਦਾ ਦਾਅਵਾ ਸੀ ਕਿ ਹੱਥ ਨੂੰ ਕੁੱਤਿਆਂ ਨੇ ਨੋਚਿਆ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਬਣਾਈ ਐੱਸ. ਆਈ. ਟੀ. ਵਿਚ ਸ਼ਾਮਲ ਸੀ. ਆਈ. ਏ. ਸਟਾਫ-1 ਅਤੇ ਥਾਣਾ ਨੰਬਰ 1 ਦੀ ਪੁਲਸ ਟੀਮ ਨੇ ਸਿਰਫ 2 ਘੰਟਿਆਂ ਦੀ ਜਾਂਚ ਵਿਚ ਡਬਲ ਮਰਡਰ ਕਰਨ ਵਾਲੇ ਮੁਲਜ਼ਮ ਰਾਜਾ ਪੁੱਤਰ ਬੱਚੂ ਯਾਦਵ ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਗੁਰਬਚਨ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਉਸ ਦਾ ਸਾਥੀ ਆਕਾਸ਼ ਫ਼ਰਾਰ ਹੋ ਚੁੱਕਾ ਸੀ। ਥਾਣਾ ਨੰਬਰ 1 ਵਿਚ ਰਾਜਾ ਤੇ ਆਕਾਸ਼ ਖ਼ਿਲਾਫ਼ 302 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ।

ਦੂਜੀ ਵਾਰ ਵੀ ਪਤੀ ਦਾ ਨਹੀਂ ਮਿਲਿਆ ਸਾਥ
ਦੱਸ ਦੇਈਏ ਕਿ ਰਾਜਾ ਦੇ ਵੱਡੇ ਭਰਾ ਦੀ ਮੌਤ ਹੋਣ ਤੋਂ ਬਾਅਦ ਰਾਜਾ ਦਾ ਵਿਆਹ ਉਸ ਦੇ ਭਰਾ ਦੀ ਪਤਨੀ ਨਾਲ ਕਰਵਾ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਦੋਬਾਰਾ ਰਾਜਾ ਦੀ ਪਤਨੀ ਬਣ ਕੇ ਉਸ ਨੇ ਜਿਊਣਾ ਸਿੱਖਿਆ ਪਰ ਹੁਣ ਰਾਜਾ ਦਾ ਵੀ ਸਾਥ ਨਹੀਂ ਮਿਲਿਆ। ਰਾਜਾ ਦੀ ਪਤਨੀ ਇਸ ਸਮੇਂ ਗਰਭਵਤੀ ਹੈ।


shivani attri

Content Editor

Related News