ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਖਿਲਾਫ ਬੋਲਿਆ ਹੱਲਾ
Saturday, Jul 28, 2018 - 06:13 AM (IST)

ਜਲੰਧਰ, (ਰਵਿੰਦਰ ਸ਼ਰਮਾ)— ਪਿਛਲੇ 30 ਸਾਲਾਂ ਤੋਂ ਪ੍ਰਮੋਸ਼ਨ ਨਾ ਮਿਲਣ ਅਤੇ ਖਾਲੀ ਚੱਲ ਰਹੀਆਂ ਪੋਸਟਾਂ ਨੂੰ ਭਰਨ ਦੇ ਖਿਲਾਫ ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਦੇ ਖਿਲਾਫ ਹੱਲਾ ਬੋਲ ਦਿੱਤਾ ਹੈ। ਦੇਸ਼ ਭਰ ਵਿਚ ਪ੍ਰਸਾਰ ਭਾਰਤੀ ਦੇ ਖਿਲਾਫ ਦੂਰਦਰਸ਼ਨ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸ਼ੁੱਕਰਵਾਰ ਤੋਂ ਮੁਹਿੰਤ ਨੂੰ ਛੇੜ ਦਿੱਤਾ। ਗੇਟ ਰੈਲੀ ਕਰਕੇ ਮੁਲਾਜ਼ਮਾਂ ਨੇ ਆਪਣਾ ਵਿਰੋਧ ਜਤਾਇਆ।
ਦੂਰਦਰਸ਼ਨ ਪ੍ਰੋਗਰਾਮਿੰਗ ਹੈੱਡ ਇੰਦੂ ਵਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਸਾਰੇ ਪ੍ਰੋਗਰਾਮ ਕੇਡਰ ਅੱਜ ਕਲ ਪ੍ਰਸਾਰ ਭਾਰਤੀ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਦੀ ਰਾਹ ’ਤੇ ਹਨ। ਇਸ ਕੇਡਰ ਨੂੰ ਤਰੱਕੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਸੀਨੀਅਰ ਪ੍ਰੋਗਰਾਮ ਅਧਿਕਾਰੀਆਂ ਦੀ ਕਮੀ ਨਾਲ ਜੂਝ ਰਿਹਾ ਹੈ ਕਿਉਂਕਿ ਇੰਡੀਅਨ ਬ੍ਰਾਡਕਾਸਟਿੰਗ ਪ੍ਰੋਗਰਾਮ ਸਰਵਿਸ (ਆਈ. ਬੀ. ਪੀ. ਐੱਸ.) ਦੀਅਾਂ ਮਨਜ਼ੂਰਸ਼ੁਦਾ 1038 ਪੋਸਟਾਂ ਵਿਚੋਂ ਹਜ਼ਾਰ ਦੇ ਕਰੀਬ ਖਾਲੀ ਪਈਆਂ ਹਨ। ਡਿਪਟੀ ਡਾਇਰੈਕਟਰ, ਡਾਇਰੈਕਟਰ ਅਤੇ ਡੀ. ਡੀ. ਜੀ. ਪੱਧਰ ’ਤੇ ਆਈ. ਬੀ. ਪੀ. ਐੱਸ. ਕੇਡਰ ਦੀ ਕੋਈ ਹੋਂਦ ਨਹੀਂ ਹੈ ਅਤੇ ਏ. ਡੀ. ਜੀ. ਰੈਂਕ ਦੇ ਇਸ ਕੇਡਰ ਦੇ ਸਿਰਫ 2 ਅਧਿਕਾਰੀ ਹਨ। ਜਦਕਿ ਬਾਕੀਆਂ ਦੀਆਂ ਪੋਸਟਾਂ ਅਤੇ ਹੋਰ ਸੇਵਾਵਾਂ ’ਤੇ ਹੋਰ ਲੋਕ ਕਾਬਜ਼ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹੋਰ ਸੇਵਾ ਵਿਚ ਨਹੀਂ ਹੈ ਕਿ ਗਜ਼ਟਿਡ ਅਧਿਕਾਰੀ ਭਰਤੀ ਹੋਣ ਅਤੇ 25-30 ਸਾਲ ਤੱਕ ਤਰੱਕੀ ਹੀ ਨਾ ਹੋਵੇ ਅਤੇ ਉਸ ਗ੍ਰੇਡ ਦੇ ਅਧਿਕਾਰੀ ਕੰਮ ਕਰਦੇ ਜਾ ਰਹੇ ਹਨ ਪਰ ਕਈਆਂ ਅਧਿਕਾਰੀਆਂ ਨੂੰ ਦਹਾਕਿਆਂ ਤੋਂ ਬਕਾਇਆ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇੰਡੀਅਨ ਟੈਲੀਕਾਮ ਸਰਵਿਸ ਦੇ 2 ਅਧਿਕਾਰੀਆਂ ਨੇ ਏ. ਡੀ. ਜੀ. (ਪ੍ਰੋਗਰਾਮ) ਦੇ ਤੌਰ ’ਤੇ ਜੁਆਇਨ ਕੀਤਾ ਹੈ ਜੋ ਕਿ ਆਈ. ਬੀ. ਪੀ. ਐੱਸ. ਕੇਡਰ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹਨ। ਦਿਲਚਸਪ ਗੱਲ ਇਹ ਹੈ ਕਿ ਆਈ. ਬੀ. ਪੀ. ਐੱਸ. ਵਿਚ ਭਰਤੀ ’ਤੇ ਡੈਪੂਟੇਸ਼ਨ ਲਈ 17 ਸਾਲ ਦੀ ਕਲਾ, ਸਿੱਖਿਆ ਅਤੇ ਪ੍ਰੋਗਰਾਮਾਂ ਆਦਿ ਦੀ ਪ੍ਰੋਡਕਸ਼ਨ ਦਾ ਤਜਰਬਾ ਹੋਣਾ ਚਾਹੀਦਾ ਹੈ।
ਪ੍ਰਸਾਰ ਭਾਰਤੀ ਵਿਚ ਕੰਮ ਕਰ ਰਹੇ 24 ਹਜ਼ਾਰ ਲੋਕਾਂ ਵਿਚੋਂ ਸਿਰਫ 15 ਫੀਸਦੀ ਹੀ ਪ੍ਰੋਗਰਾਮ ਸਾਈਡ ਤੋਂ ਹਨ। ਅੱਧੇ ਨਾਲੋਂ ਜ਼ਿਆਦਾ ਸਟਾਫ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਦੇ ਖਿਲਾਫ ਗੇਟ ਰੈਲੀ ਕੀਤੀ ਅਤੇ ਉਮੀਦ ਜਤਾਈ ਕਿ ਪ੍ਰਸਾਰ ਭਾਰਤੀ ਦੇ ਅਧਿਕਾਰੀ ਕੇਡਰ ਦੀਆਂ ਸਮੱਸਿਆਵਾਂ ਨੂੰ ਸਮਝਣਗੇ ਅਤੇ ਹੱਲ ਕਰਵਾਉਣਗੇ।