ਪੰਜਾਬ ''ਚ ਕੋਈ ਵੀ ਪਰਿਵਾਰ ਸੁਰੱਖਿਅਤ ਨਹੀਂ : ਤਰੁਣ ਚੁੱਘ

Wednesday, Apr 15, 2026 - 06:52 PM (IST)

ਪੰਜਾਬ ''ਚ ਕੋਈ ਵੀ ਪਰਿਵਾਰ ਸੁਰੱਖਿਅਤ ਨਹੀਂ : ਤਰੁਣ ਚੁੱਘ

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਘ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਕੋਈ ਵੀ ਪਰਿਵਾਰ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜ ਨੂੰ ਲਗਭਗ ਗੈਂਗਸਟਰਾਂ ਅਤੇ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ। AAP ਦੇ ਇੱਕ ਸੰਸਦ ਮੈਂਬਰ ਨਾਲ ਸੰਬੰਧਿਤ ਯੂਨੀਵਰਸਿਟੀ ’ਤੇ ED ਦੀ ਕਾਰਵਾਈ ਦਾ ਜ਼ਿਕਰ ਕਰਦਿਆਂ ਚੁੱਘ ਨੇ ਕਿਹਾ ਕਿ ਇਹ ਗੰਭੀਰ ਸੰਕੇਤ ਹਨ, ਜਦਕਿ ਅਪਰਾਧੀਆਂ ਨੂੰ ਖੁੱਲ੍ਹੀ ਛੂਟ ਮਿਲਣ ਕਾਰਨ ਸਾਰਾ ਰਾਜ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ।

ਚੁੱਘ ਨੇ ਕਿਹਾ ਕਿ ਰਾਜ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ ਅਤੇ ਅਪਰਾਧੀ ਹੁਣ ਬਿਨਾਂ ਕਿਸੇ ਡਰ ਦੇ ਦਿਨ ਦਿਹਾੜੇ ਕਤਲ ਕਰ ਰਹੇ ਹਨ। ਮੋਗਾ 'ਚ ਕਾਰੋਬਾਰੀ ਗੁਰਪ੍ਰੀਤ ਸਿੰਘ ਉਰਫ ਗੈਰੀ ਦੇ ਕਤਲ, ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਹੋਈਆਂ ਗੈਂਗਵਾਰ ਅਤੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕੱਲੀਆਂ ਘਟਨਾਵਾਂ ਨਹੀਂ ਹਨ, ਸਗੋਂ ਇੱਕ ਖ਼ਤਰਨਾਕ ਅਤੇ ਵੱਧਦਾ ਰੁਝਾਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਵਪਾਰੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।

ਚੁੱਘ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਅਪਰਾਧ ’ਤੇ ਕਾਬੂ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਮਨੋਬਲ ਡਿੱਗ ਗਿਆ ਹੈ ਅਤੇ ਰਾਜਨੀਤਿਕ ਸਰਪ੍ਰਸਤੀ ਕਾਰਨ ਅਪਰਾਧੀ ਬੇਖੌਫ਼ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ, ਉਹੀ ਨਿਸ਼ਾਨਾ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੀ ਅਗਵਾਈ ਟੀਮ ਜ਼ਮੀਨੀ ਹਕੀਕਤ ਤੋਂ ਕੱਟੀ ਹੋਈ ਹੈ। ਸਰਕਾਰ ਸਿਰਫ਼ ਇਸ਼ਤਿਹਾਰਾਂ ਅਤੇ ਖੋਖਲੇ ਦਾਵਿਆਂ ਵਿੱਚ ਵਿਅਸਤ ਹੈ, ਜਦਕਿ ਕਾਨੂੰਨ-ਵਿਵਸਥਾ ਲਗਾਤਾਰ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ AAP ਸਰਕਾਰ ਨੇ ‘ਰੰਗਲਾ ਪੰਜਾਬ’ ਨੂੰ ‘ਖੂਨ-ਖਰਾਬੇ ਵਾਲਾ ਪੰਜਾਬ’ ਬਣਾ ਦਿੱਤਾ ਹੈ।

ਚੁੱਘ ਨੇ ਰਾਜਪਾਲ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਤੁਰੰਤ ਬਹਾਲ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਪੀੜਤਾਂ ਨੂੰ ਇਨਸਾਫ਼ ਮਿਲੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮਸਲੇ ਨੂੰ ਹਰ ਪੱਧਰ ’ਤੇ ਉਠਾਉਂਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News