ਕਾਲਕਾ-ਸ਼ਿਮਲਾ ਰੂਟ ’ਤੇ ਰੂਟੀਨ ਚੱਲਣ ਵਾਲੀਆਂ ਰੇਲਗੱਡੀਆਂ ਜੂਨ ਤੱਕ ਫੁਲ
Monday, Apr 06, 2026 - 02:13 PM (IST)
ਚੰਡੀਗੜ੍ਹ (ਲਲਨ) : ਗਰਮੀਆਂ ਦੀਆਂ ਛੁੱਟੀਆਂ ’ਚ ਕਾਲਕਾ-ਸ਼ਿਮਲਾ ਰੂਟ ’ਤੇ ਚੱਲਣ ਵਾਲੀਆਂ ਰੂਟੀਨ ਰੇਲਗੱਡੀਆਂ ’ਚ ਬੁਕਿੰਗ ਫੁਲ ਹੋਣ ਕਾਰਨ ਸੈਲਾਨੀਆਂ ਨੂੰ ਵਿਸ਼ੇਸ਼ ਰੇਲਗੱਡੀਆਂ ਦਾ ਇੰਤਜ਼ਾਰ ਕਰਨਾ ਪਵੇਗਾ। ਮਈ ਦੇ ਦੂਜੇ ਅਤੇ ਜੂਨ ਮਹੀਨੇ ’ਚ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਜ਼ਿਆਦਾਤਰ ਮਾਪੇ ਬੱਚਿਆਂ ਨਾਲ ਪਹਾੜਾਂ ’ਤੇ ਘੁੰਮਣਾ ਪਸੰਦ ਕਰਦੇ ਹਨ। ਇਸ ਕਾਰਨ ਸੀਟਾਂ ਪਹਿਲਾਂ ਹੀ ਬੁੱਕ ਕਰਵਾ ਲਈਆਂ ਜਾਂਦੀਆਂ ਹਨ। ਹਾਲਾਂਕਿ ਕਾਲਕਾ-ਸ਼ਿਮਲਾ ਰੂਟ ’ਤੇ ਚੱਲਣ ਵਾਲੀ ਸੈਲਫ਼ ਪ੍ਰੋਪੇਲਡ ਹਾਈਡਰੌਲਿਕ (ਬਿਨਾਂ ਇੰਜਣ ਵਾਲੀ) ਰੇਲਗੱਡੀ ਲਈ ਹਾਲੇ ਵੀ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਇਸ ਰੇਲਗੱਡੀ ਦਾ ਸਫਲ ਟ੍ਰਾਇਲ ਹੋਣ ਦੇ ਬਾਅਦ ਹਾਲੇ ਇਸਨੂੰ ਰੇਲਵੇ ਸੁਰੱਖਿਆ ਕਮਿਸ਼ਨ ਤੋਂ ਇਜ਼ਾਜਤ ਨਹੀਂ ਮਿਲੀ ਹੈ। ਉਮੀਦ ਹੈ ਕਿ ਇਸਨੂੰ ਹਰੀ ਝੰਡੀ ਮਿਲ ਸਕਦੀ ਹੈ। ਕਾਲਕਾ-ਸ਼ਿਮਲਾ ਰੂਟ ’ਤੇ ਚੱਲਣ ਵਾਲੀ ਮੁੱਖ ਵਿਸਟਾਡੋਮ ਰੇਲਗੱਡੀ ਹਿਮ ਦਰਸ਼ਨ ਐਕਸਪ੍ਰੈਸ ਸੈਲਾਨੀਆਂ ਦੀ ਪਹਿਲੀ ਪਸੰਦ ਟਰੇਨ ਹੈ ਕਿਉਂਕਿ ਇਸ ਰੇਲਗੱਡੀ ਦੀ ਛੱਤ ਕੰਚ ਅਤੇ ਵੱਡੀਆਂ ਖਿੜਕੀਆਂ ਨਾਲ ਮਨੋਰਮ ਦ੍ਰਿਸ਼ ਪੇਸ਼ ਕਰਦੀ ਹੈ।
ਇਹ ਰੇਲਗੱਡੀ ਆਮ ਤੌਰ ’ਤੇ ਸਵੇਰੇ ਕਾਲਕਾ ਤੋਂ ਨਿਕਲ ਕੇ ਕਰੀਬ 5-6 ਘੰਟਿਆਂ ’ਚ ਸ਼ਿਮਲਾ ਪਹੁੰਚਦੀ ਹੈ। ਇਸ ਵਿਚ 100 ਤੋਂ ਵੱਧ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਦੇ ਨਾਲ ਹੀ ਆਰਾਮਦਾਇਕ, ਆਲੀਸ਼ਾਨ ਸੀਟਾਂ ਮੁਹੱਈਆ ਹਨ। ਇਸ ਰੂਟ ’ਤੇ ਇਹ ਸਭ ਤੋਂ ਵਿਅਸਤ ਰੇਲਗੱਡੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਦੀ ਬੁਕਿੰਗ ਸ਼ੁਰੂ ਹੋਣ ਦੇ ਇੱਕ-ਦੋ ਘੰਟਿਆਂ ਦੇ ਅੰਦਰ ਹੀ ਇਹ ਫੁਲ ਹੋ ਜਾਂਦੀ ਹੈ। ਇਸਦਾ ਕਿਰਾਇਆ ਵੀ ਹੋਰਨਾ ਰੇਲਗੱਡੀਆਂ ਦੇ ਮੁਕਾਬਲੇ ਲਗਭਗ 700 ਹੈ, ਪਰ ਇਸ ਦੇ ਬਾਵਜੂਦ ਸੈਲਾਨੀ ਇਸ ’ਚ ਹੀ ਜਾਣਾ ਪਸੰਦ ਕਰਦੇ ਹਨ। ਹਿਮ ਦਰਸ਼ਨ ਐਕਸਪ੍ਰੈੱਸ ਵਿਸਟਾਡੋਮ ਰੇਲਗੱਡੀ ਦੀ ਗੱਲ ਕੀਤੀ ਜਾਵੇ ਤਾਂ ਇਸ ਰੇਲਗੱਡੀ ’ਚ ਹਾਲੇ ਮਈ ਤੱਕ ਕੋਈ ਸੀਟ ਉਪਲੱਬਧ ਨਹੀਂ ਹੈ। ਇਸ ਦੇ ਨਾਲ ਹੀ ਕਾਲਕਾ-ਸ਼ਿਮਲਾ ਐਕਸਪ੍ਰੈੱਸ ਦੇ ਸੀ. ਸੀ. ਡੱਬਿਆਂ ਵਿਚ ਵੀ ਕੋਈ ਸੀਟ ਉਪਲੱਬਧ ਨਹੀਂ ਹੈ, ਜਦੋਂਕਿ ਵੇਟਿੰਗ ਲਿਸਟ 12 ਤੱਕ ਪਹੁੰਚ ਗਈ ਹੈ। ਕਾਲਕਾ-ਸ਼ਿਮਲਾ ਹਿਮਾਲਿਆ ਕਵੀਨ ’ਚ ਵੀ ਕੋਈ ਸੀਟ ਉਪਲੱਬਧ ਨਹੀਂ ਹੈ। ਇਸ ਲਈ ਰੇਲਵੇ ਵੱਲੋਂ ਜਲਦੀ ਹੀ ਸਮਰ ਸਪੈਸ਼ਲ ਰੇਲਗੱਡੀਆਂ ਦਾ ਐਲਾਨ ਕੀਤਾ ਜਾਵੇਗਾ।
