ਲਾਵਾਰਿਸ ਨਵਜੰਮੀ ਬੱਚੀ ਨੂੰ ਕੁੱਤਿਆਂ ਨੇ ਨੋਚਿਆ
Friday, Jan 26, 2018 - 07:30 AM (IST)
ਖਮਾਣੋਂ (ਜਟਾਣਾ) - ਵਾਰਡ ਨੰਬਰ 9 ਦੇ ਸਰਕਾਰੀ ਐਲੀਮੈਂਟਰੀ ਸਕੂਲ ਖਮਾਣੋਂ ਦੀ ਗਰਾਊਂਡ ਵਿਖੇ ਅੱਜ ਸਵੇਰੇ 10 ਵਜੇ ਇਕ ਆਵਾਰਾ ਕੁੱਤਾ ਇਕ ਨਵਜੰਮੀ ਲਾਵਾਰਿਸ ਬੱਚੀ ਨੂੰ ਮੂੰਹ 'ਚ ਪਾ ਕੇ ਚੁੱਕੀ ਲਈ ਜਾ ਰਿਹਾ ਸੀ ਤਾਂ ਬਲਾਕ ਸਿੱਖਿਆ ਦਫਤਰ ਦੇ ਮੁਲਾਜ਼ਮ ਅਮਨਜੋਤ ਸਿੰਘ ਢੀਂਡਸਾ ਨੇ ਐਲੀਮੈਂਟਰੀ ਸਕੂਲ ਸਟਾਫ ਦੀ ਮਦਦ ਨਾਲ ਬੱਚੀ ਨੂੰ ਕੁੱਤੇ ਦੇ ਮੂੰਹ ਵਿਚੋਂ ਛੁਡਾਇਆ ਤਾਂ ਕੁੱਤਾ ਬੱਚੀ ਨੂੰ ਝਾੜੀਆਂ ਲਾਗੇ ਟੋਏ ਵਿਚ ਛੱਡ ਕੇ ਭੱਜ ਗਿਆ। ਉਕਤ ਘਟਨਾ ਦੀ ਸੂਚਨਾ ਮਾ. ਮਨਪ੍ਰੀਤ ਸ਼ਰਮਾ ਤੇ ਬਹਾਦਰ ਸਿੰਘ ਨੇ ਪੁਲਸ ਨੂੰ ਦਿੱਤੀ। ਥਾਣੇਦਾਰ ਤਰਨਜੀਤ ਸਿੰਘ ਤੇ ਹੌਲਦਾਰ ਹਰਿੰਦਰ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਉਕਤ ਬੱਚੀ ਕੁੱਤਿਆਂ ਨੇ ਨੋਚੀ ਹੋਈ ਸੀ। ਪੁਲਸ ਮੁਲਾਜ਼ਮ ਬੱਚੀ ਨੂੰ ਮੁਹੱਲਾ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਖਮਾਣੋਂ 'ਚ ਲੈ ਗਏ, ਜਿੱਥੇ ਡਾਕਟਰ ਬੱਚੀ ਦੀ ਜਾਂਚ ਕਰ ਰਹੇ ਹਨ। ਪੁਲਸ ਵੀ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਪੜਤਾਲ ਕਰ ਰਹੀ ਹੈ ਪਰ ਖਬਰ ਲਿਖੇ ਜਾਣ ਤਕ ਉਕਤ ਬੱਚੀ ਦੇ ਜਿਊਂਦੀ ਸੀ ਕਿ ਨਹੀਂ, ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
