ਪੋਲਟਰੀ ਫਾਰਮ ''ਤੇ ਕੁੱਤਿਆਂ ਦਾ ਹਮਲਾ, 270 ਮੁਰਗੇ-ਮੁਰਗੀਆਂ ਮਰੀਆਂ

Wednesday, Nov 01, 2017 - 06:08 AM (IST)

ਪੋਲਟਰੀ ਫਾਰਮ ''ਤੇ ਕੁੱਤਿਆਂ ਦਾ ਹਮਲਾ, 270 ਮੁਰਗੇ-ਮੁਰਗੀਆਂ ਮਰੀਆਂ

ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਨਜ਼ਦੀਕੀ ਪਿੰਡ ਬੱਢਲ ਉੱਪਰਲਾ ਦੇ ਇਕ ਗਰੀਬ ਮੁਰਗੀ ਪਾਲਕ ਦੇ ਪੋਲਟਰੀ ਫਾਰਮ ਉੱਪਰ ਬੀਤੀ ਰਾਤ ਕੁੱਤਿਆਂ ਨੇ ਹਮਲਾ ਕਰ ਕੇ 270 ਦੇ ਕਰੀਬ ਮੁਰਗੀਆਂ ਅਤੇ ਮੁਰਗਿਆਂ ਨੂੰ ਮਾਰ ਦਿੱਤਾ, ਜਿਸ ਕਾਰਨ ਉਕਤ ਵਿਅਕਤੀ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। 
ਇਸ ਸਬੰਧੀ ਪੀੜਤ ਸੁਰਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੱਢਲ ਉੱਪਰਲਾ ਨੇ ਦੱਸਿਆ ਕਿ ਉਹ ਕੋਟਲਾ ਵਿਖੇ ਅਹਾਤੇ 'ਤੇ ਕੰਮ ਕਰਦਾ ਹੈ। ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣੇ ਘਰ 'ਚ ਹੀ ਦੇਸੀ ਮੁਰਗੇ-ਮੁਰਗੀਆਂ ਦਾ ਪੋਲਟਰੀ ਫਾਰਮ ਬਣਾਇਆ ਹੋਇਆ ਹੈ। ਇਸ ਪੋਲਟਰੀ ਫਾਰਮ ਨੂੰ ਆਉਣ-ਜਾਣ ਲਈ ਇਕ ਜਾਲੀ ਵਾਲਾ ਦਰਵਾਜ਼ਾ ਵੀ ਲਾਇਆ ਹੋਇਆ ਸੀ, ਜਿਸ 'ਚ ਉਸ ਨੇ 300 ਮੁਰਗੀਆਂ-ਮੁਰਗੇ ਰੱਖੇ ਹੋਏ ਸਨ। ਬੀਤੇ ਦਿਨ ਉਸ ਦੀ ਪਤਨੀ ਆਪਣੀ ਰਿਸ਼ਤੇਦਾਰੀ 'ਚ ਗਈ ਹੋਈ ਸੀ ਤੇ ਜਦੋਂ ਉਹ ਰਾਤ ਕਰੀਬ 9.30 ਵਜੇ ਆਪਣੇ ਕੰਮ ਤੋਂ ਵਿਹਲਾ ਹੋ ਕੇ ਘਰ ਆਇਆ ਤਾਂ ਘਰ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਉਸ ਦੇ ਕਈ ਪਾਲਤੂ ਮੁਰਗੇ-ਮੁਰਗੀਆਂ ਮਰੇ ਹੋਏ ਸਨ, ਜਦੋਂ ਉਸ ਨੇ ਘਰ ਜਾ ਕੇ ਪੋਲਟਰੀ ਫਾਰਮ ਦੇਖਿਆ ਤਾਂ ਉਸ ਦਾ ਜਾਲੀ ਵਾਲਾ ਦਰਵਾਜ਼ਾ ਕਿਸੇ ਸ਼ਰਾਰਤੀ ਅਨਸਰ ਨੇ ਪਾੜਿਆ ਹੋਇਆ ਸੀ ਅਤੇ ਅੰਦਰ ਮਰੇ ਹੋਏ ਮੁਰਗੇ-ਮੁਰਗੀਆਂ  ਪਏ ਸਨ ਅਤੇ ਕਈ ਤੜਫ ਰਹੇ ਸਨ। ਉਸ ਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਨੂੰ ਪਿੰਡ ਦੇ ਕੁੱਤਿਆਂ ਜਾਂ ਜੰਗਲੀ ਕੁੱਤਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਉਸ ਦੇ 270 ਦੇ ਕਰੀਬ ਮੁਰਗੇ-ਮੁਰਗੀਆਂ ਮਰ ਗਈਆਂ ਹਨ। ਇਸ ਸਬੰਧੀ ਉਸ ਨੇ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਦਰਖਾਸਤ ਦੇ ਕੇ ਆਪਣੀ ਹੱਡਬੀਤੀ ਦੱਸੀ ਹੈ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਾਲੀ ਮਦਦ ਕੀਤੀ ਜਾਵੇ। 


Related News