ਆਵਾਰਾ ਕੁੱਤਿਆਂ ਦਾ ਕਹਿਰ ਜਾਰੀ : ਇਕ ਮਹੀਨੇ ''ਚ ਕੁੱਤਿਆਂ ਦੇ ਵੱਢਣ ਦੇ 25 ਮਾਮਲੇ, ਪ੍ਰਸ਼ਾਸਨ ਚੁੱਪ

04/11/2018 3:41:17 AM

ਬਠਿੰਡਾ(ਸੁਖਵਿੰਦਰ)-ਮਹਾਨਗਰ 'ਚ ਆਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵਧ ਰਿਹਾ ਹੈ। ਸਿਵਲ ਹਸਪਤਾਲ ਵਿਚ ਇਕ ਮਹੀਨੇ 'ਚ ਕੁੱਤਿਆਂ ਵੱਲੋਂ ਵੱਢਣ ਦੇ 25 ਮਾਮਲੇ ਆਏ ਹਨ। ਸਿਵਲ ਹਸਪਤਾਲ 'ਚ ਐਂਟੀ ਰੈਬੀਜ਼ ਇੰਜੈਕਸ਼ਨਾਂ ਦੀ ਘਾਟ ਕਾਰਨ ਕਈ ਲੋਕ ਨਿੱਜੀ ਹਸਪਤਾਲਾਂ 'ਚ ਹੀ ਇਲਾਜ ਕਰਵਾਉਣ ਨੂੰ ਪਹਿਲ ਦਿੰਦੇ ਹਨ। ਬੇਸ਼ੱਕ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੁੱਤਿਆਂ ਦੇ ਵੱਢਣ 'ਤੇ ਲਾਏ ਜਾਣ ਵਾਲੇ ਇੰਜੈਕਸ਼ਨ ਲੋੜੀਂਦੀ ਗਿਣਤੀ 'ਚ ਉਪਲੱਬਧ ਰਹਿੰਦੇ ਹਨ ਪਰ ਇਸਦੇ ਬਾਵਜੂਦ ਜ਼ਿਆਦਾਤਰ ਪੀੜਤ ਲੋਕਾਂ ਨੂੰ ਇਹ ਇੰਜੈਕਸ਼ਨ ਨਹੀਂ ਮਿਲਦੇ। ਲੋਕਾਂ ਨੂੰ ਬਾਹਰੋਂ ਹੀ ਇੰਜੈਕਸ਼ਨ ਲਵਾਉਣੇ ਪੈਂਦੇ ਹਨ। ਇਕ ਪਾਸੇ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਦਕਿ ਦੂਸਰੇ ਪਾਸੇ ਇਨ੍ਹਾਂ ਦੇ ਵੱਢਣ 'ਤੇ ਲੋਕਾਂ ਨੂੰ ਇਲਾਜ ਵੀ ਨਹੀਂ ਮਿਲਦਾ।
ਲਗਾਤਾਰ ਵਧ ਰਹੀ ਹੈ ਕੁੱਤਿਆਂ ਦੀ ਗਿਣਤੀ 
ਨਗਰ ਨਿਗਮ ਦੇ ਸੂਤਰਾਂ ਦੀ ਮੰਨੀਏ ਤਾਂ ਜ਼ਿਲੇ 'ਚ 30 ਹਜ਼ਾਰ ਤੋਂ ਜ਼ਿਆਦਾ ਕੁੱਤੇ ਹਨ, ਜਿਨ੍ਹਾਂ ਦੀ ਗਿਣਤੀ ਆਏ ਦਿਨ ਵਧ ਰਹੀ ਹੈ। ਸ਼ਹਿਰ ਦੇ ਹਰ ਹਿੱਸੇ ਵਿਚ ਕੁੱਤਿਆਂ ਦੇ ਝੁੰਡ ਵੇਖਣ ਨੂੰ ਮਿਲ ਰਹੇ ਹਨ। ਬਾਹਰੀ ਬਸਤੀਆਂ 'ਚ ਕੁੱਤਿਆਂ ਦੀ ਜ਼ਿਆਦਾ ਭਰਮਾਰ ਹੈ ਅਤੇ ਇਸ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ। ਮਹਾਨਗਰ 'ਚ ਘੁੰਮਦੇ ਇਹ ਖੁੰਖਾਰ ਕੁੱਤੇ ਬੱਚਿਆਂ, ਵੱਡਿਆਂ ਤੇ ਬਜ਼ੁਰਗਾਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਲਗਭਗ ਹਰ ਰੋਜ਼ ਕਿਤੇ ਨਾ ਕਿਤੇ ਕਿਸੇ ਵਿਅਕਤੀ ਨੂੰ ਕੁੱਤੇ ਵੱਲੋਂ ਵੱਢੇ ਜਾਣ ਦੀ ਸੂਚਨਾ ਮਿਲਦੀ ਹੈ।
ਸਿਵਲ ਹਸਪਤਾਲ 'ਚ ਇਲਾਜ ਦੀ ਕਮੀ
ਕੁੱਤੇ ਵੱਲੋਂ ਵੱਢੇ ਜਾਣ 'ਤੇ ਮੌਜੂਦਾ ਸਮੇਂ 'ਚ 5 ਇੰਜੈਕਸ਼ਨ ਲਾਉਣੇ ਪੈਂਦੇ ਹਨ, ਜਿਨ੍ਹਾਂ ਦੀ ਕੀਮਤ 1500 ਦੇ ਕਰੀਬ ਹੈ। ਇਹ ਇੰਜੈਕਸ਼ਨ ਸਾਰੇ ਸਿਵਲ ਹਸਪਤਾਲਾਂ 'ਚ ਮੌਜੂਦ ਹੋਣੇ ਜ਼ਰੂਰੀ ਹਨ ਪਰ ਆਮ ਤੌਰ 'ਤੇ ਇਹ ਸਿਵਲ ਹਸਪਤਾਲ 'ਚ ਨਹੀਂ ਮਿਲਦੇ। ਇਸ ਕਾਰਨ ਲੋਕਾਂ ਨੂੰ ਉਕਤ ਮਹਿੰਗੇ ਇੰਜੈਕਸ਼ਨ ਬਾਹਰ ਤੋਂ ਲਵਾਉਣੇ ਪੈਂਦੇ ਹਨ। ਇਕ ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਸ ਨੂੰ ਕੁੱਤੇ ਨੇ ਵੱਢ ਲਿਆ ਸੀ ਪਰ ਸਿਵਲ ਹਸਪਤਾਲ ਵਿਚ ਉਸ ਨੂੰ ਇੰਜੈਕਸ਼ਨ ਉਪਲੱਬਧ ਨਹੀਂ ਹੋ ਸਕੇ, ਜਿਸ ਕਾਰਨ ਉਸ ਨੂੰ ਬਾਹਰੋਂ ਇੰਜੈਕਸ਼ਨ ਲਵਾਉਣੇ ਪਏ। ਲੋਕਾਂ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ ਵਿਚ ਲੋੜੀਂਦੀ ਮਾਤਰਾ ਵਿਚ ਇੰਜੈਕਸ਼ਨ ਉਪਲੱਬਧ ਰਹਿਣੇ ਚਾਹੀਦੇ ਹਨ ਤਾਂ ਕਿ ਹਰ ਪੀੜਤ ਵਿਅਕਤੀ ਨੂੰ ਇਹ ਸੁਵਿਧਾ ਮਿਲ ਸਕੇ।
ਨਿਗਮ ਦੀ ਨਸਬੰਦੀ ਮੁਹਿੰਮ ਵੀ ਫਲਾਪ
ਨਗਰ ਨਿਗਮ ਵੱਲੋਂ ਕੁੱਤਿਆਂ ਦੀ ਜਨਸੰਖਿਆ ਨੂੰ ਕਾਬੂ 'ਚ ਰੱਖਣ ਲਈ ਨਸਬੰਦੀ ਮੁਹਿੰਮ ਚਲਾਈ ਜਾਂਦੀ ਹੈ ਪਰ ਉਹ ਵੀ ਬਿਨਾਂ ਕਿਸੇ ਠੋਸ ਨਤੀਜੇ ਦੇ ਅੱਧ ਵਿਚਕਾਰ ਹੀ ਲਟਕ ਜਾਂਦੀ ਹੈ। ਕੁੱਤਿਆਂ ਦੀ ਨਸਬੰਦੀ ਕਰਨ ਦਾ ਠੇਕਾ ਕਿਸੇ ਨਿੱਜੀ ਕੰਪਨੀ ਨੂੰ ਦਿੱਤਾ ਜਾਂਦਾ ਹੈ ਪਰ ਇਹ ਪ੍ਰੋਸੈੱਸ ਕਾਫ਼ੀ ਮਹਿੰਗਾ ਹੋਣ ਕਾਰਨ ਜ਼ਿਆਦਾਤਰ ਕੁੱਤਿਆਂ ਦੀ ਨਸਬੰਦੀ ਨਹੀਂ ਹੁੰਦੀ ਅਤੇ ਇਹ ਯੋਜਨਾ ਫਲਾਪ ਹੋ ਜਾਂਦੀ ਹੈ। ਕੁਝ ਸਮਾਂ ਪਹਿਲਾਂ ਵੀ ਨਿਗਮ ਨੇ ਕੁੱਤਿਆਂ ਦੀ ਨਸਬੰਦੀ ਦੀ ਯੋਜਨਾ ਬਣਾਈ ਸੀ ਪਰ ਉਹ ਵੀ ਅਜੇ ਅੱਧ ਵਿਚਕਾਰ ਹੈ। ਨਸਬੰਦੀ ਮੁਹਿੰਮ ਦੌਰਾਨ ਕੁਝ ਕੁ ਕੁੱਤਿਆਂ ਦੀ ਹੀ ਨਸਬੰਦੀ ਹੁੰਦੀ ਹੈ, ਜਦਕਿ ਜ਼ਿਆਦਾਤਰ ਕੁੱਤੇ ਇਸ ਤੋਂ ਬਾਹਰ ਰਹਿ ਜਾਂਦੇ ਹਨ।  


Related News