ਡਾਗ ਸਕੁਐਡ ਤੇ ਬੰਬ-ਨਿਰੋਧਕ ਦਸਤਿਆਂ ਨੇ ਖੰਗਾਲਿਆ ਸ਼ਹਿਰ ਦਾ ਚੱਪਾ-ਚੱਪਾ
Friday, Jan 26, 2018 - 02:07 AM (IST)
ਅੰਮ੍ਰਿਤਸਰ, (ਸੰਜੀਵ)- ਗਣਤੰਤਰ ਦਿਵਸ ਦੀ ਪੂਰਵਲੀ ਸ਼ਾਮ 'ਤੇ ਜ਼ਿਲਾ ਪੁਲਸ ਨੇ ਜਿਥੇ ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਲਏ ਹਨ, ਉਥੇ ਹੀ ਅੱਜ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਗੁਰੂ ਨਾਨਕ ਸਟੇਡੀਅਮ 'ਚ ਹੋਣ ਵਾਲੇ ਸਮਾਰੋਹ ਦੀਆਂ ਤਿਆਰੀਆਂ ਦੀ ਜਾਂਚ ਕੀਤੀ। ਸ਼ਹਿਰ ਵਿਚ ਜਾਰੀ ਹਾਈ ਅਲਰਟ ਨੂੰ ਲੈ ਕੇ ਕਿਸੇ ਵੀ ਸ਼ੱਕੀ ਨੂੰ ਦੇਖਦੇ ਹੀ ਜਾਂਚ ਲਈ ਹਿਰਾਸਤ ਵਿਚ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉਥੇ ਹੀ ਸੁਰੱਖਿਆ ਦੇ ਫੁੱਲ ਪਰੂਫ ਇੰਤਜ਼ਾਮਾਂ ਨੂੰ ਲੈ ਕੇ ਡਾਗ ਸਕੁਐਡ ਅਤੇ ਬੰਬ-ਨਿਰੋਧਕ ਦਸਤਿਆਂ ਵੱਲੋਂ ਗੁਰੂ ਨਾਨਕ ਸਟੇਡੀਅਮ ਦੇ ਚੱਪੇ-ਚੱਪੇ ਨੂੰ ਖੰਗਾਲ ਕੇ ਸੀਲ ਕਰ ਦਿੱਤਾ ਗਿਆ ਹੈ। ਸਟੇਡੀਅਮ ਦੇ ਚਾਰੇ ਪਾਸੇ ਸਖਤ ਪਹਿਰੇ ਲਾ ਕੇ ਜਿਥੇ ਸਮਾਰੋਹ ਤੋਂ ਪਹਿਲਾਂ ਉਸ ਦੀ ਕਿਲਾਬੰਦੀ ਕੀਤੀ ਗਈ, ਉਥੇ ਹੀ ਡੀ. ਸੀ. ਪੀ. ਅਤੇ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੇ ਭਾਰੀ ਪੁਲਸ ਬਲ ਨਾਲ ਸਿਵਲ ਲਾਈਨ ਤੇ ਅੰਦਰੂਨੀ ਸ਼ਹਿਰ 'ਚ ਫਲੈਗ ਮਾਰਚ ਕੱਢਿਆ।
ਸਿਵਲ ਲਾਈਨ ਤੇ ਅੰਦਰੂਨੀ ਸ਼ਹਿਰ 'ਚ ਫਲੈਗ ਮਾਰਚ : ਡੀ. ਸੀ. ਪੀ. ਅਮਰੀਕ ਸਿੰਘ ਤੇ ਏ. ਡੀ. ਸੀ. ਪੀ. ਲਖਬੀਰ ਸਿੰਘ ਦੀ ਪ੍ਰਧਾਨਗੀ ਵਿਚ ਭਾਰੀ ਪੁਲਸ ਬਲ ਨੇ ਰਣਜੀਤ ਐਵੀਨਿਊ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਸਿਵਲ ਲਾਈਨ ਖੇਤਰਾਂ 'ਚੋਂ ਗਰੀਨ ਐਵੀਨਿਊ ਤੋਂ ਹੁੰਦਾ ਹੋਇਆ ਮਾਲ ਰੋਡ, ਕਚਹਿਰੀ ਰੋਡ ਤੋਂ ਵਾਪਸ ਰਣਜੀਤ ਐਵੀਨਿਊ ਪਹੁੰਚਿਆ, ਜਿਸ ਵਿਚ ਪੁਲਸ ਬਲ ਦੇ ਨਾਲ ਵਾਹਨਾਂ ਦਾ ਇਕ ਵੱਡਾ ਕਾਫਲਾ ਸ਼ਾਮਲ ਸੀ।
ਡੀ. ਸੀ. ਪੀ. ਜਗਮੋਹਨ ਸਿੰਘ ਤੇ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ 'ਚ ਕੱਢਿਆ ਗਿਆ ਫਲੈਗ ਮਾਰਚ ਥਾਣਾ ਕੋਤਵਾਲੀ ਤੋਂ ਸ਼ੁਰੂ ਹੋ ਕੇ ਜਲਿਆਂਵਾਲਾ ਬਾਗ ਤੋਂ ਹੁੰਦਾ ਹੋਇਆ ਚੌਕ ਫੁਹਾਰਾ ਤੇ ਕੱਟੜਾ ਜੈਮਲ ਸਿੰਘ ਤੋਂ ਵਾਪਸ ਹਾਲ ਗੇਟ ਪਹੁੰਚਿਆ, ਜਿਸ ਵਿਚ ਥਾਣਾ ਮੁਖੀਆਂ ਦੇ ਨਾਲ ਪੁਲਸ ਵਾਹਨਾਂ ਦਾ ਇਕ ਲੰਬਾ ਕਾਫਲਾ ਸ਼ਾਮਲ ਸੀ।
ਗੈਸਟ ਹਾਊਸ ਤੇ ਹੋਟਲਾਂ ਦੀ ਜਾਂਚ : ਜ਼ਿਲਾ ਪੁਲਸ ਵੱਲੋਂ ਸਿਵਲ ਲਾਈਨ ਅਤੇ ਸ਼ਹਿਰ ਦੇ ਸਾਰੇ ਹੋਟਲ ਅਤੇ ਗੈਸਟ ਹਾਊਸ ਚੈੱਕ ਕੀਤੇ ਗਏ, ਜਿਥੇ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਦਾ ਪਛਾਣ ਪੱਤਰ ਲੈ ਕੇ ਉਸ ਦੀ ਰਜਿਸਟਰ ਵਿਚ ਐਂਟਰੀ ਪਾਉਣ ਦੇ ਨਿਰਦੇਸ਼ ਦਿੱਤੇ ਗਏ। ਹੋਟਲ ਮਾਲਕਾਂ ਨੂੰ ਕਮਰਾ ਦੇਣ ਤੋਂ ਪਹਿਲਾਂ ਠਹਿਰਨ ਵਾਲੇ ਦੀ ਪੂਰੀ ਜਾਣਕਾਰੀ ਲੈਣ ਨੂੰ ਕਿਹਾ। ਕਿਸੇ ਵੀ ਸ਼ੱਕੀ ਵੱਲੋਂ ਕਮਰੇ ਲੈਣ 'ਤੇ ਤੁਰੰਤ ਪੁਲਸ ਨੂੰ ਸੂਚਨਾ ਦੇਣ ਲਈ ਵੀ ਕਿਹਾ ਗਿਆ।
ਪੁਲਸ ਫੋਰਸ ਨੂੰ ਕੀਤੀ ਗਈ ਬ੍ਰੀਫਿੰਗ : ਗਣਤੰਤਰ ਦਿਵਸ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਪੁਲਸ ਕਮਿਸ਼ਨਰ ਵੱਲੋਂ ਪੂਰੀ ਫੋਰਸ ਨੂੰ ਬ੍ਰੀਫਿੰਗ ਕੀਤੀ ਗਈ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲਾਏ ਗਏ ਨਾਕਿਆਂ ਅਤੇ ਗਣਤੰਤਰ ਸਮਾਰੋਹ ਵਾਲੀ ਥਾਂ 'ਤੇ ਪੂਰੀ ਚੌਕਸੀ ਵਰਤਣ ਨੂੰ ਕਿਹਾ ਗਿਆ।
ਸੁਰੱਖਿਆ ਏਜੰਸੀਆਂ ਨੇ ਵੀ ਸਾਂਭੀ ਕਮਾਨ : ਜ਼ਿਲੇ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਵੀ ਸੁਰੱਖਿਆ ਦੀ ਕਮਾਨ ਸੰਭਾਲ ਰੱਖੀ ਹੈ। ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਵੀ ਗਲਤੀ ਨਾ ਹੋਵੇ ਇਸ ਦੇ ਲਈ ਜ਼ਿਲੇ 'ਚ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।
