ਡਾਗ ਬਾਈਟ ਡੈੱਥ ਕੇਸ ''ਚ 9 ਦਿਨਾਂ ਬਾਅਦ ਦਰਜ ਹੋਈ ਐੱਫ. ਆਈ. ਆਰ.

Tuesday, Jun 26, 2018 - 06:59 AM (IST)

ਚੰਡੀਗੜ੍ਹ, (ਸੰਦੀਪ)— ਸੈਕਟਰ-18 ਦੇ ਪਾਰਕ ਵਿਚ ਡੇਢ ਸਾਲਾ ਮਾਸੂਮ ਆਯੂਸ਼ ਨੂੰ ਆਵਾਰਾ ਕੁੱਤਿਆਂ ਵਲੋਂ ਨੋਚ ਕੇ ਮਾਰਨ ਤੋਂ 9 ਦਿਨ ਬਾਅਦ ਪੁਲਸ ਨੂੰ ਯਾਦ ਆਇਆ ਕਿ ਲੀਗਲ ਓਪੀਨੀਅਨ ਲੈ ਲਈ ਜਾਵੇ। 
ਸੋਮਵਾਰ ਨੂੰ ਪੁਲਸ ਨੇ ਡਿਪਟੀ ਡਿਸਟ੍ਰਿਕ ਅਟਾਰਨੀ ਅਤੁਲ ਸੇਠੀ ਤੋਂ ਓਪੀਨੀਅਨ ਮੰਗਿਆ, ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੁਝਾਇਆ ਕਿ ਐੱਫ. ਆਈ. ਆਰ. ਦਰਜ ਹੋ ਸਕਦੀ ਹੈ। 
ਇਸ ਤੋਂ ਬਾਅਦ ਪੁਲਸ ਨੇ ਥਾਣਾ ਸੈਕਟਰ-19 ਵਿਚ ਐੱਫ. ਆਈ. ਆਰ. ਦਰਜ ਕਰ ਲਈ। ਇਸ ਵਿਚ ਧਾਰਾ 289 ਅਤੇ 304 ਏ ਲਾਈ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਹੁਣੇ ਐੱਫ. ਆਈ. ਆਰ. ਅਣਪਛਾਤੇ ਖਿਲਾਫ ਹੈ ਪਰ ਜਾਂਚ ਵਿਚ ਜੋ ਅਧਿਕਾਰੀ ਇਸ ਮਾਮਲੇ ਵਿਚ ਕਸੂਰਵਾਰ ਪਾਇਆ ਜਾਵੇਗਾ, ਉਸ ਦਾ ਨਾਂ ਜੋੜ ਦਿੱਤਾ ਜਾਵੇਗਾ। ਧਿਆਨਯੋਗ ਹੈ ਕਿ ਆਯੂਸ਼ ਦੇ ਰਿਸ਼ਤੇਦਾਰ ਉਸ ਦੀ ਮੌਤ ਤੋਂ ਬਾਅਦ ਲਗਾਤਾਰ ਇਸ ਮਾਮਲੇ ਵਿਚ ਜ਼ਿੰਮੇਵਾਰ ਨਿਗਮ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਸਨ ਤੇ ਆਪਣੀ ਇਸ ਮੰਗ ਨੂੰ ਲੈ ਕੇ ਹੀ ਉਨ੍ਹਾਂ ਨੇ ਹੁਣ ਤਕ ਆਯੂਸ਼ ਦੀ ਲਾਸ਼ ਦਾ ਪੋਸਟਮਾਰਟਮ ਤਕ ਨਹੀਂ ਕਰਵਾਇਆ ਸੀ। ਮਾਮਲਾ ਹਾਈ ਕੋਰਟ ਵਿਚ ਵੀ ਜਾ ਚੁੱਕਿਆ ਹੈ। ਪ੍ਰਸ਼ਾਸਨ ਤੇ ਪੁਲਸ ਨੂੰ 4 ਜੁਲਾਈ ਨੂੰ ਜਵਾਬ ਦਾਖਲ ਕਰਨਾ ਹੈ।
ਅੱਜ ਪੋਸਟਮਾਰਟਮ ਹੋਣ ਦੀ ਉਮੀਦ
ਮ੍ਰਿਤਕ ਆਯੂਸ਼ ਦੇ ਰਿਸ਼ਤੇਦਾਰਾਂ ਨੇ ਐਲਾਨ ਕੀਤਾ ਸੀ ਕਿ ਜਿਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਉਦੋਂ ਹੀ ਉਹ ਬੱਚੇ ਦਾ ਸੰਸਕਾਰ ਕਰਨਗੇ। ਥਾਣਾ ਪੁਲਸ ਨੇ ਸ਼ਿਕਾਇਤ ਲੈਣ ਤੋਂ ਬਾਅਦ ਇਸ ਕੇਸ ਵਿਚ ਉਸੇ ਸਮੇਂ ਲੀਗਲ ਓਪੀਨੀਅਨ ਲੈਣ ਦੀ ਜ਼ਹਿਮਤ ਨਹੀਂ ਚੁੱਕੀ ਸੀ ਤੇ ਬੱਚੇ ਦੀ ਲਾਸ਼ ਦਾ ਅੰਤਿਮ ਸੰਸਕਾਰ ਦਾ ਇੰਤਜ਼ਾਰ ਹੋ ਰਿਹਾ ਸੀ, ਜਿਸ ਨੂੰ ਮੰਗਲਵਾਰ ਨੂੰ ਪੋਸਟਮਾਰਟਮ ਹੋਣ ਦੀ ਉਮੀਦ ਹੈ। ਉਥੇ ਇਸ ਬਾਰੇ ਇਕ ਸੰਗਠਨ ਦੇ ਚੇਅਰਮੈਨ ਅਵਿਨਾਸ਼ ਸ਼ਰਮਾ ਨੇ ਡੀ. ਆਈ. ਜੀ. ਓ. ਪੀ. ਮਿਸ਼ਰਾ ਨੂੰ ਈ-ਮੇਲ 'ਤੇ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਉਹ ਆਯੂਸ਼ ਦੇ ਪਰਿਵਾਰ ਦਾ ਸਾਥ ਦੇ ਰਹੇ ਹਨ, ਇਸੇ ਗੱਲ ਨੂੰ ਲੈ ਕੇ ਸੈਕਟਰ-19 ਥਾਣਾ ਪੁਲਸ ਤੇ ਕਈ ਅਧਿਕਾਰੀ ਉਸ ਦੇ ਖਿਲਾਫ ਹੋ ਗਏ ਹਨ। ਸੋਮਵਾਰ ਦੁਪਹਿਰ ਕੁਝ ਪੁਲਸ ਕਰਮਚਾਰੀ ਉਸ ਦੇ ਘਰ ਪੁੱਜੇ ਤੇ ਉਸ ਦੇ ਪਰਿਵਾਰ ਤੇ ਜਾਣਕਾਰਾਂ ਨੂੰ ਧਮਕੀ ਦੇ ਕੇ ਆਏ ਕਿ ਉਹ ਆਯੂਸ਼ ਦੇ ਪਰਿਵਾਰ ਦਾ ਸਾਥ ਛੱਡ ਦੇਣ।
ਸੋਮਵਾਰ ਨੂੰ ਸੈਕਟਰ-19 ਥਾਣਾ ਪੁਲਸ ਵਲੋ ਇਸ ਮਾਮਲੇ ਵਿਚ ਲੀਗਲ ਓਪੀਨੀਅਨ ਮੰਗਿਆ ਗਿਆ ਸੀ। ਸ਼ਿਕਾਇਤ ਦੇ ਆਧਾਰ 'ਤੇ ਕਾਨੂੰਨ ਅਣਪਛਾਤੇ ਖਿਲਾਫ ਆਈ. ਪੀ. ਸੀ. ਦੀ ਧਾਰਾ 289 ਅਤੇ 304 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
-ਅਤੁਲ ਸੇਠੀ, ਡਿਪਟੀ ਡਿਸਟ੍ਰਿਕਟ ਅਟਾਰਨੀ।

ਅਵਿਨਾਸ਼ ਵੱਲੋਂ ਈ-ਮੇਲ ਦੇ ਰਾਹੀਂ ਭੇਜੀ ਗਈ ਸ਼ਿਕਾਇਤ ਬਾਰੇ ਚੈੱਕ ਕਰਨ ਤੋਂ ਬਾਅਦ ਹੀ ਕੋਈ ਟਿੱਪਣੀ ਕਰ ਸਕਾਂਗਾ। ਦਫਤਰ ਦੇ ਸਮੇਂ ਦੌਰਾਨ ਇਸ ਵਿਸ਼ੇ ਸਬੰਧੀ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਸੀ।
-ਓ. ਪੀ. ਮਿਸ਼ਰਾ, ਡੀ. ਆਈ. ਜੀ. ਚੰਡੀਗੜ੍ਹ।


Related News