ਲੁਧਿਆਣਾ : ਕਾਰੋਬਾਰੀ ਨੂੰ ਕੁੱਤੇ ਨੇ ਵੱਢਿਆ, ਮਾਲਕਣ ''ਤੇ ਮਾਮਲਾ ਦਰਜ
Friday, Mar 22, 2019 - 04:17 PM (IST)

ਲੁਧਿਆਣਾ (ਅਭਿਸ਼ੇਕ) : ਸਥਾਨਕ ਪਿੰਡ ਦਾਦ 'ਚ ਸੈਰ ਕਰ ਰਹੇ ਕਾਰੋਬਾਰੀ ਨੂੰ ਪਿਟਬੁੱਲ ਨਸਲ ਦੇ ਕੁੱਤੇ ਵਲੋਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਕੁੱਤੇ ਦੀ ਮਾਲਕਣ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕਾਰੋਬਾਰੀ ਵਿਅਕਤੀ ਪਿੰੜ ਦਾਦ ਸਥਿਤ ਛਾਬੜਾ ਕਾਲੋਨੀ 'ਚ ਰਹਿੰਦਾ ਹੈ। ਉਹ ਸਵੇਰ ਦੇ ਸਮੇਂ ਸੈਰ ਕਰ ਰਿਹਾ ਸੀ ਕਿ ਰਸਤੇ 'ਚ ਇਕ ਔਰਤ ਪਿਟਬੁੱਲ ਕੁੱਤੇ ਨੂੰ ਬਿਨਾਂ ਸੰਗਲੀ ਤੇ ਪੱਟੇ ਦੇ ਘੁੰਮਾ ਰਹੀ ਸੀ। ਜਦੋਂ ਕਾਰੋਬਾਰੀ ਕੁੱਤੇ ਨੇੜਿਓਂ ਲੰਘਿਆ ਤਾਂ ਕੁੱਤੇ ਨੇ ਅਚਾਨਕ ਉਸ ਨੂੰ ਵੱਢ ਲਿਆ, ਜਿਸ ਕਾਰਨ ਉਹ ਜ਼ਖਮੀਂ ਹੋ ਗਿਆ। ਜਦੋਂ ਕਾਰੋਬਾਰੀ ਨੇ ਔਰਤ ਨੂੰ ਉਸ ਦੇ ਕੁੱਤੇ ਦੀ ਸ਼ਿਕਾਇਤ ਕੀਤੀ ਤਾਂ ਉਹ ਉਸ ਨਾਲ ਝਗੜਨ ਲੱਗ ਗਈ।
ਇਸ ਤੋਂ ਬਾਅਦ ਪੀੜਤ ਵਿਅਕਤੀ ਨੇ ਥਾਣਾ ਸਦਰ ਦੀ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਕੁੱਤੇ ਦੀ ਮਾਲਕਣ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁੱਤੇ ਦੇ ਵੱਢਣ ਦੇ ਦੇ ਮਾਮਲੇ 289 ਆਈ. ਪੀ. ਸੀ., 337 ਅਤੇ 427 ਤਹਿਤ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਜ਼ਿਆਦਾ ਤੋਂ ਜ਼ਿਆਦਾ 6 ਮਹੀਨਿਆਂ ਦੀ ਜੇਲ ਅਤੇ ਇਕ ਹਜ਼ਾਰ ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ। ਫਿਲਹਾਲ ਕੁੱਤੇ ਦੇ ਵੱਢਣ ਦੀ ਇਹ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।