80 ਸਾਲਾ ਬਜ਼ੁਰਗ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢਿਆ
Sunday, Jun 01, 2025 - 10:28 AM (IST)

ਅਬੋਹਰ (ਸੁਨੀਲ) : ਇਕ ਪਾਸੇ ਅਵਾਰਾ ਕੁੱਤੇ ਅਤੇ ਦੂਜੇ ਪਾਸੇ ਅਵਾਰਾ ਜਾਨਵਰਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਦੁੱਭਰ ਕਰ ਦਿੱਤਾ ਹੈ। ਸ਼ਹਿਰ ਦੀ ਹਰ ਗਲੀ ’ਚ ਜਿੱਥੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਉੱਥੇ ਅਵਾਰਾ ਜਾਨਵਰ, ਜਿਨ੍ਹਾਂ ’ਚ ਸਾਨ੍ਹ ਵੀ ਸ਼ਾਮਲ ਹਨ, ਘੁੰਮਦੇ ਹੋਏ ਮਿਲਦੇ ਹਨ। ਕੋਈ ਨਹੀਂ ਜਾਣਦਾ ਕਿ ਇਹ ਅਵਾਰਾ ਕੁੱਤੇ ਕਦੋਂ ਕਿਸੇ ਨੂੰ ਨਿਸ਼ਾਨਾ ਬਣਾਉਣਗੇ। ਉਹ ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਦੂਜੇ ਪਾਸੇ ਨਗਰ ਨਿਗਮ ਨੇ ਕੁੱਤਿਆਂ ਦੇ ਹਲਕਾਅ ਤੋਂ ਰੋਕਣ ਲਈ ਟੀਕਾਕਰਨ ਮੁਹਿੰਮ ਨੂੰ ਰੋਕ ਦਿੱਤਾ ਹੈ।
ਹਰ ਰੋਜ਼ ਕੁੱਤਿਆਂ ਦੇ ਕੱਟਣ ਦੇ 10 ਤੋਂ 15 ਮਾਮਲੇ ਸਰਕਾਰੀ ਹਸਪਤਾਲ ’ਚ ਪਹੁੰਚਦੇ ਹਨ। ਸ਼ਨੀਵਾਰ ਨੂੰ ਧਰਮ ਨਗਰੀ ਵਾਸੀ 80 ਸਾਲਾ ਬੰਤਾ ਸਿੰਘ, ਜੋ ਕਿਸੇ ਕੰਮ ਲਈ ਸਾਈਕਲ ’ਤੇ ਜਾ ਰਿਹਾ ਸੀ, ਨੂੰ ਕੁੱਤਿਆਂ ਨੇ ਵੱਢ ਲਿਆ। ਉਹ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਛੁਡਾਉਣ ’ਚ ਕਾਮਯਾਬ ਰਿਹਾ। ਬਾਅਦ ’ਚ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਅਨੁਸਾਰ ਕੁੱਤਿਆਂ ਨੇ ਬਜ਼ੁਰਗ ਵਿਅਕਤੀ ਨੂੰ ਇਕ ਲੱਤ ’ਤੇ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਉਸ ਦਾ ਮਾਸ ਪਾੜ ਦਿੱਤਾ।
ਉਸ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਕੁੱਤਿਆਂ ਦਾ ਟੀਕਾਕਰਨ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਮੌਸਮ ’ਚ ਸੁਧਾਰ ਹੁੰਦੇ ਹੀ ਵੈਟਰਨਰੀ ਵਿਭਾਗ ਦੀ ਟੀਮ ਨਾਲ ਤਾਲਮੇਲ ਕਰ ਕੇ ਟੀਕਾਕਰਨ ਕੀਤਾ ਜਾਵੇਗਾ। ਸਮਾਜਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੁਖੀ ਰਾਜੂ ਚਰਾਇਆ ਨੇ ਕਿਹਾ ਕਿ ਸ਼ੈਲਟਰ ਹੋਮ ਬਣਾ ਕੇ ਕੁੱਤਿਆਂ ਦੀ ਨਸਬੰਦੀ ਕਰਨਾ ਹੀ ਇਕੋ ਇਕ ਹੱਲ ਹੈ।