ਸਰਕਾਰੀ ਹਸਪਤਾਲ ''ਚ ਨਾ ਡਾਕਟਰ ਤੇ ਨਾ ਦਵਾਈਆਂ : ਸੱਜਣ ਚੀਮਾ

10/12/2017 7:04:28 AM

ਸੁਲਤਾਨਪੁਰ ਲੋਧੀ, (ਸੋਢੀ, ਜੋਸ਼ੀ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਰਕਾਰੀ ਸਿਵਲ ਹਸਪਤਾਲ ਤੇ ਐੱਮ. ਸੀ. ਐੱਚ. ਸੈਂਟਰ 'ਚ ਡਾਕਟਰਾਂ ਤੇ ਹੋਰ ਸਟਾਫ ਦੀ ਭਾਰੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ ਵਾਲੀ ਕੋਈ ਵੀ ਸਹੂਲਤ ਨਹੀਂ ਮਿਲ ਰਹੀ। ਸਰਕਾਰੀ ਹਸਪਤਾਲ 'ਚ ਨਾ ਤਾਂ ਡਾਕਟਰ ਹਨ ਤੇ ਨਾ ਹੀ ਮਰੀਜ਼ਾਂ ਲਈ ਦਵਾਈਆਂ, ਜਿਸ ਕਾਰਨ ਗਰੀਬ ਮਰੀਜ਼ ਪ੍ਰਾਈਵੇਟ ਹਸਪਤਾਲਾਂ 'ਚ ਲੁੱਟ ਦਾ ਸ਼ਿਕਾਰ ਹੋ ਰਹੇ ਹਨ।  ਇਹ ਵਿਚਾਰ ਆਮ ਆਦਮੀ ਪਾਰਟੀ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਿਵੇਂ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਵੱਲੋਂ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆ ਜਾ ਰਹੀਆਂ, ਉਵੇਂ ਹੀ ਪੰਜਾਬ ਦੀ ਗਰੀਬ ਜਨਤਾ ਨੂੰ ਦੇਣੀਆਂ ਚਾਹੀਦੀਆਂ ਹਨ।
 ਉਨ੍ਹਾਂ ਕਿਹਾ ਕਿ ਗਰੀਬ ਮਰੀਜ਼ ਜੇਕਰ ਸਿਵਲ ਹਸਪਤਾਲ 'ਚ ਦਾਖਲ ਰਹਿੰਦਾ ਹੈ ਤਾਂ ਇਲਾਜ ਨਾ ਹੋਣ ਕਾਰਨ ਮਰ ਰਿਹਾ ਹੈ ਤੇ ਜੇਕਰ ਪ੍ਰਾਈਵੇਟ ਹਸਪਤਾਲਾਂ 'ਚ ਜਾਂਦਾ ਹੈ ਤਾਂ ਲੁੱਟੇ ਜਾਣ ਦਾ ਖਤਰਾ ਰਹਿੰਦਾ ਹੈ। ਹਸਪਤਾਲ 'ਚ ਆਈਆਂ ਮਹਿਲਾਵਾਂ ਨੇ ਦੱਸਿਆ ਕਿ ਐੱਮ. ਸੀ. ਐੱਚ. ਸੈਂਟਰ 'ਚ ਗਰਭਵਤੀ ਮਹਿਲਾਵਾਂ ਦੀ ਡਲਿਵਰੀ ਲਈ ਲੋੜੀਂਦੇ ਲੇਡੀ ਡਾਕਟਰ ਤੇ ਸਟਾਫ ਨਾ ਹੋਣ ਕਾਰਨ ਪ੍ਰਾਈਵੇਟ ਨਰਸਿੰਗ ਹੋਮਾਂ 'ਚ ਭਾਰੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਰੀਬ ਜਨਤਾ ਲਈ ਸਰਕਾਰੀ ਹਸਪਤਾਲ 'ਚ ਇਲਾਜ ਲਈ ਲੋੜੀਂਦੀ ਕੋਈ ਸਹੂਲਤ ਨਹੀਂ ਮਿਲ ਰਹੀ।
 ਉਨ੍ਹਾਂ ਕਿਹਾ ਕਿ ਮਰੀਜ਼ਾਂ ਤੋਂ ਪਤਾ ਲੱਗਾ ਹੈ ਕਿ ਡਾਕਟਰ ਮਹਿੰਗੇ ਟੈਸਟ ਪ੍ਰਾਈਵੇਟ ਲੈਬਾਰਟਰੀਆਂ ਤੋਂ ਕਰਵਾਉਣ ਲਈ ਲਿਖਦੇ ਹਨ ਤੇ ਮਹਿੰਗੀਆਂ ਦਵਾਈਆਂ ਵੀ ਹਸਪਤਾਲ ਤੋਂ ਬਾਹਰੋਂ ਹੀ ਲਿਆਉਣ ਲਈ ਪਰਚੀਆਂ ਲਿਖੀਆਂ ਜਾ ਰਹੀਆਂ ਹਨ ਕਿਉਂਕਿ ਹਸਪਤਾਲਾਂ ਅੰਦਰ ਸਰਕਾਰ ਵੱਲੋਂ ਯੋਗ ਦਵਾਈਆਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮਰੀਜ਼ਾਂ ਦੇ ਟੈਸਟਾਂ ਦਾ ਵੀ ਹਸਪਤਾਲ 'ਚ ਕੋਈ ਪ੍ਰਬੰਧ ਨਹੀਂ ਹੈ।
ਡਾਇਲਸਿਸ ਵਾਲੀ ਮਸ਼ੀਨ ਫ੍ਰੀ ਹਸਪਤਾਲ ਨੂੰ ਦੇਣ ਦਾ ਐਲਾਨ 
ਸੱਜਣ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਤੇ ਸਿਹਤ ਵਿਭਾਗ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ 'ਚ ਲੋੜੀਂਦੇ ਡਾਕਟਰ ਤੇ ਸਟਾਫ ਦਾ ਪ੍ਰਬੰਧ ਕਰੇ ਤਾਂ ਉਹ ਮਰੀਜ਼ਾਂ ਦੇ ਸਸਤੇ ਡਾਇਲਸਿਸ ਦੀ ਸਹੂਲਤ ਲਈ ਕੀਮਤੀ ਮਸ਼ੀਨ ਸਰਕਾਰੀ ਹਸਪਤਾਲ ਨੂੰ ਫ੍ਰੀ ਮੁਹੱਈਆ ਕਰਵਾਉਣ ਲਈ ਤਿਆਰ ਹਨ। ਇਸ ਸਮੇਂ ਉਨ੍ਹਾਂ ਨਾਲ ਸੁਦੇਸ਼ ਕੁਮਾਰ ਸ਼ਰਮਾ ਰਿਟਾ. ਐੱਸ. ਐੱਚ. ਓ., ਗੁਰਦੀਪ ਸਿੰਘ ਆਜ਼ਾਦ, ਰਾਜਿੰਦਰ ਸਿੰਘ ਜੈਨਪੁਰ, ਜਸਪ੍ਰੀਤ ਸਿੰਘ ਜੈਨਪੁਰ, ਪਰਮਜੀਤ ਸਿੰਘ, ਗੁਰਚਮਨ ਲਾਲ, ਰਾਜਵਿੰਦਰ ਸਿੰਘ, ਲਵਪ੍ਰੀਤ ਸਿੰਘ, ਬਾਬਾ ਚਾਹਲ ਆਦਿ ਨੇ ਵੀ ਸ਼ਿਰਕਤ ਕੀਤੀ।


Related News