ਕੋਰੋਨਾ ਦਾ ਡਰ, ਡਾਕਟਰਾਂ ਤੋਂ ਬਾਅਦ ਕੰਪਿਊਟਰ ਆਪ੍ਰੇਟਰ ਤੇ ਡਰਾਈਵਰ ਵੀ ਗੈਰ-ਹਾਜ਼ਰ

Monday, May 04, 2020 - 01:48 PM (IST)

ਲੁਧਿਆਣਾ, (ਸਹਿਗਲ) : ਕੋਰੋਨਾ ਦਾ ਡਰ ਹਰ ਦਿਨ ਇਸ ਤਰ੍ਹਾਂ ਹਾਵੀ ਹੁੰਦਾ ਜਾ ਰਿਹਾ ਹੈ ਕਿ ਡਾਕਟਰਾਂ ਦੇ ਨਾਲ ਹੁਣ ਕੰਪਿਊਟਰ ਆਪ੍ਰੇਟਰ ਅਤੇ ਡਰਾਈਵਰ ਵੀ ਗੈਰ-ਹਾਜ਼ਰ ਰਹਿਣ ਲੱਗੇ ਹਨ। ਸਿਵਲ ਹਸਪਤਾਲ ਦੇ ਨੋਡਲ ਅਫਸਰ ਨੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਦੱਸਿਆ ਕਿ ਡਾਕਟਰ ਡਿਊਟੀ ਤੋਂ ਗੈਰ-ਹਾਜ਼ਰ ਹੋ ਰਹੇ ਹਨ। ਇਨ੍ਹਾਂ 'ਚੋਂ ਦੋ ਤਾਂ ਹੁਣ ਵੀ ਗੈਰ-ਹਾਜ਼ਰ ਚੱਲਦੇ ਆ ਰਹੇ ਹਨ। ਪੰਜੇ ਡਾਕਟਰ ਮਹਿਲਾ ਕਰਮਚਾਰੀ ਹਨ।
ਆਪਣੇ ਭੇਜੇ ਪੱਤਰ 'ਚ ਨੋਡਲ ਅਫਸਰ ਨੇ ਦੱਸਿਆ ਕਿ ਇਕ ਮਹਿਲਾ ਡਾਕਟਰ 23 ਤੋਂ 29 ਅਪ੍ਰੈਲ ਤੱਕ ਗੈਰ-ਹਾਜ਼ਰ ਰਹੀ ਤਾਂ ਦੂਜੀ ਮਹਿਲਾ ਡਾਕਟਰ ਵੀ 23 ਅਪ੍ਰੈਲ ਤੋਂ 28 ਅਪ੍ਰੈਲ ਤੱਕ ਡਿਊਟੀ ਨਹੀਂ ਆਈ। ਇਸ ਤੋਂ ਇਲਾਵਾ 2 ਮਹਿਲਾ ਡਾਕਟਰ 16 ਤੋਂ 22 ਅਪ੍ਰੈਲ ਤੱਕ ਡਿਊਟੀ ’ਤੇ ਮੌਜੂਦ ਨਹੀਂ ਹੋਈ ਜਦੋਂ ਕਿ ਆਰ. ਐੱਮ. ਓ. ਜੱਸੋਵਾਲ ਸੁਧਾਰ ਅਤੇ ਐੱਨ. ਐੱਚ. ਐੱਮ. ਸਲੇਮ ਟਾਬਰੀ ’ਤੇ ਤਾਇਨਾਤ ਡਾਕਟਰ ਕੱਲ ਤੱਕ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਸਨ। ਪੱਤਰ 'ਚ ਸਾਰੇ ਡਾਕਟਰਾਂ ਦੇ ਖਿਲਾਫ ਐਪੀਡੈਮਿਕ ਐਕਟ ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 56 ਦੇ ਅਧੀਨ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ 'ਚ ਹੁਣ ਇਕ ਕੰਪਿਊਟਰ ਆਪ੍ਰੇਟਰ ਨੂੰ ਛੱਡ ਕੇ ਹੋਰ ਸਾਰੇ ਡਿਊਟੀ ਤੋਂ ਗੈਰ-ਹਾਜ਼ਰ ਹੋ ਗਏ ਹਨ। ਲੈਬ ਦੇ ਮਾਈਕ੍ਰੋ ਬਾਇਓਲਾਜਿਸਟ ਨੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣੂੰ ਕਰਵਾਉਂਦੇ ਦੱਸਿਆ ਕਿ ਕੰਪਿਊਟਰ ਆਪ੍ਰੇਟਰ ਦੇ ਨਾ ਆਉਣ ਕਾਰਨ ਨਾਈਟ ਡਿਊਟੀ ’ਤੇ ਆਈ. ਡੀ. ਐੱਸ. ਪੀ. ਲੈਬ ਦਾ ਕੰਮ ਰੁਕ ਗਿਆ ਹੈ।
ਇਸੇ ਤਰ੍ਹਾਂ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਨੇ ਜ਼ਿਲਾ ਕਮਿਸ਼ਨਰ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਸਿਵਲ ਹਸਪਤਾਲ 'ਚ 11 ਡਰਾਈਵਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ’ਚੋਂ ਇਕ ਡਰਾਈਵਰ ਦਿਨ 'ਚ ਜਿਸ ਦੀ ਡਿਊਟੀ ਸੀ ਆਪਣੀ ਡਿਊਟੀ ’ਤੇ ਨਹੀਂ ਆ ਰਿਹਾ ਅਤੇ ਬਹੁਤ ਵਾਰ ਫੋਨ ਕਰਨ ’ਤੇ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ।
ਨਿੱਜੀ ਹਸਪਤਾਲਾਂ ਦੀ ਓ. ਪੀ. ਡੀ. 'ਚ ਨਹੀਂ ਆ ਰਹੇ ਡਾਕਟਰ
ਸ਼ਹਿਰ ਦੇ ਬਹੁਤ ਸਾਰੇ ਨਿੱਜੀ ਹਸਪਤਾਲਾਂ 'ਚ ਡਾਕਟਰ ਓ. ਪੀ. ਡੀ. 'ਚ ਨਹੀਂ ਆ ਰਹੇ ਮਰੀਜ਼ਾਂ ਦੀ ਜਾਂਚ ਲਈ ਜੂਨੀਅਰ ਡਾਕਟਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਜਦਕਿ ਡਾਕਟਰ ਹਫਤੇ 'ਚ ਇਕ ਅੱਧੀ ਵਾਰ ਆਉਂਦੇ ਹਨ ਬਹੁਤ ਸਾਰੇ ਪ੍ਰਾਈਵੇਟ ਨਰਸਿੰਗ ਅਤੇ ਨਿੱਜੀ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੇ ਕੁਝ ਦਿਨ ਮਰੀਜ਼ ਨਾ ਦੇਖਣ ਦਾ ਫੈਸਲਾ ਕੀਤਾ ਹੈ। ਜਿੱਥੇ ਥੋੜ੍ਹੀ ਵੱਡੀ ਓ. ਪੀ. ਡੀ. ਪ੍ਰੈਕਿਟਸ ਚੱਲ ਰਹੀ ਹੈ, ਉਥੇ ਹਸਪਤਾਲਾਂ ਨੇ ਓ. ਪੀ. ਡੀ. ਦੀ ਫੀਸ ਵਧਾ ਦਿੱਤੀ ਹੈ, ਜਿਸ ਦਾ ਕਾਰਨ ਕੋਰੋਨਾ ਕਾਰਨ ਸੁਰੱਖਿਆ ਮਾਪਦੰਡਾਂ ’ਤੇ ਹੋਣ ਵਾਲਾ ਖਰਚ ਸ਼ਾਮਲ ਕਰ ਦਿੱਤਾ ਗਿਆ ਹੈ। ਸ਼ਹਿਰ 'ਚ ਬਹੁਤ ਸਾਰੇ ਡਾਕਟਰਾਂ ਨੇ ਮਰੀਜ਼ਾਂ ਲਈ ਮੁਫਤ ਆਨਲਾਈਨ ਸੇਵਾ ਸ਼ੁਰੂ ਕੀਤੀ ਹੈ, ਜਿੱਥੇ ਨਿਰਧਾਰਤ ਸਮੇਂ ਵਿਚਕਾਰ ਲੋਕ ਡਾਕਟਰ ਨਾਲ ਸੰਪਰਕ ਕਰ ਕੇ ਡਾਕਟਰੀ ਸਲਾਹ ਲੈ ਸਕਦੇ ਹਨ। ਇਨ੍ਹਾਂ 'ਚੋਂ ਕਾਫੀ ਡਾਕਟਰ ਇਸ ਤਰ੍ਹਾਂ ਦੇ ਵੀ ਹਨ, ਜੋ ਇਹ ਨਹੀਂ ਚਾਹੁੰਦੇ ਕਿ ਮਰੀਜ਼ ਉਨ੍ਹਾਂ ਦੇ ਕੋਲ ਚੱਲ ਕੇ ਆਵੇ।
 


Babita

Content Editor

Related News