ਪ੍ਰਾਈਵੇਟ ਲੈਬਾਰਟਰੀ ਦੇ ਕਾਰਡ ਟੈਸਟ ਦੀ ਰਿਪੋਰਟ ਦੇ ਆਧਾਰ ''ਤੇ ਡਾਕਟਰ ਨਾ ਕਰਨ ਡੇਂਗੂ ਦੀ ਪੁਸ਼ਟੀ
Tuesday, Sep 19, 2017 - 12:36 AM (IST)
ਮੋਗਾ, (ਸੰਦੀਪ)- ਬੇਸ਼ੱਕ ਜ਼ਿਲੇ 'ਚ ਜੂਨ ਮਹੀਨੇ ਤੋਂ ਹੀ ਡੇਂਗੂ ਨੇ ਦਸਤਕ ਦੇ ਦਿੱਤੀ ਸੀ ਅਤੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜ਼ਿਲੇ 'ਚ ਸਾਹਮਣੇ ਆਏ ਡੇਂਗੂ ਦੇ ਦੋ ਮਰੀਜ਼ਾਂ ਸਮੇਤ ਹੁਣ ਤੱਕ ਡੇਂਗੂ ਪੀੜਤਾਂ ਦੀ ਜ਼ਿਲੇ 'ਚ ਗਿਣਤੀ 8 ਹੋ ਗਈ ਹੈ, ਉੱਥੇ ਹੀ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਵਿਭਾਗੀ ਰਿਕਾਰਡ ਅਨੁਸਾਰ ਸਾਲ 2016 'ਚ 200 ਤੋਂ ਵੱਧ ਡੇਂਗੂ ਤੋਂ ਪੀੜਤ ਮਰੀਜ਼ ਸਾਹਮਣੇ ਆਏ ਸਨ ਅਤੇ ਵਿਭਾਗ ਦੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪ੍ਰਾਈਵੇਟ ਡਾਕਟਰਾਂ ਵੱਲੋਂ ਉਨ੍ਹਾਂ ਕੋਲ ਇਲਾਜ ਲਈ ਆਉਣ ਵਾਲੇ ਸ਼ੱਕੀ ਮਰੀਜ਼ਾਂ ਦੀ ਸਿਵਲ ਸਰਜਨ ਦਫਤਰ ਨੂੰ ਸੂਚਿਤ ਕਰਨ 'ਚ ਨਾਕਾਰਾਤਮਕ ਰਵੱਈਆ ਰਿਹਾ, ਜਿਸ ਨੂੰ ਧਿਆਨ 'ਚ ਰੱਖਦਿਆਂ ਜ਼ਿਲਾ ਐਪੀਡੀਮੋਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਜ਼ਿਲੇ ਦੇ ਸਮੂਹ ਵੱਡੇ-ਛੋਟੇ ਪ੍ਰਾਈਵੇਟ ਹਸਪਤਾਲਾਂ ਦੇ ਸੰਚਾਲਕਾਂ ਨੂੰ ਇਸ ਸਬੰਧੀ ਤੁਰੰਤ ਵਿਭਾਗ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ, ਉੱਥੇ ਹੀ ਕਿਸੇ ਵੀ ਸ਼ੱਕੀ ਮਰੀਜ਼ ਦੀ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਉਸ ਦੇ ਡੇਂਗੂ ਟੈਸਟ ਲੈਬ ਤੋਂ ਅਲਾਈਜ਼ਾ ਤਰੀਕੇ ਨਾਲ ਕਰਵਾਉਣ ਦੀ ਅਪੀਲ ਕੀਤੀ ਹੈ।
ਡਾ. ਮੁਨੀਸ਼ ਅਰੋੜਾ ਅਨੁਸਾਰ ਜ਼ਿਲਾ ਪੱਧਰੀ ਹਸਪਤਾਲ ਦੇ ਬਲੱਡ ਬੈਂਕ 'ਚ ਡੇਂਗੂ ਦੇ ਕਿਸੇ ਵੀ ਸ਼ੱਕੀ ਮਰੀਜ਼ ਦਾ ਡੇਂਗੂ ਟੈਸਟ ਅਲਾਈਜ਼ਾ ਨਾਲ ਬਿਲਕੁਲ ਫਰੀ ਕੀਤਾ ਜਾਂਦਾ ਹੈ। ਦੋ ਦਿਨ ਪਹਿਲਾਂ ਪਿੰਡ ਢੁੱਡੀਕੇ ਦੀਆਂ ਦੋ ਲੜਕੀਆਂ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲੇ 'ਚ ਡੇਂਗੂ ਪੀੜਤਾਂ ਦੀ ਗਿਣਤੀ 8 ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਵੱਖ-ਵੱਖ ਕਸਬਿਆਂ ਅਤੇ ਇਲਾਕਿਆਂ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
