ਡੇਰਾ ਬਾਬਾ ਨਾਨਕ ਜਾਣ ਵਾਲਾ ਦੁਆਬੇ ਦਾ ਇਤਿਹਾਸਕ ਸਾਲਾਨਾ ਪੈਦਲ ਸੰਗ ਖਾਲਸਾਈ ਸ਼ਾਨੋ ਸ਼ੌਕਤ ਨਾਲ ਆਰੰਭ
Saturday, Mar 01, 2025 - 06:53 PM (IST)

ਟਾਂਡਾ ਉੜਮੁੜ/ਬੁੱਲੋਵਾਲ (ਪਰਮਜੀਤ ਮੋਮੀ, ਵਰਿੰਦਰ ਪੰਡਿਤ, ਰਣਧੀਰ)-ਇਤਿਹਾਸਿਕ ਪਿੰਡ ਖਡਿਆਲਾ ਸੈਣੀਆਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨ-ਦੀਦਾਰੇ ਕਰਨ ਵਾਸਤੇ ਜਾਣ ਜਾ ਰਹੇ ਸਾਲਾਨਾ 4 ਦਿਨਾਂ ਪੈਦਲ ਸੰਗ ਦੀ ਆਰੰਭਤਾ ਅੱਜ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਵਿਚ ਖਾਲਸਾਈ ਸ਼ਾਨੋ-ਸ਼ੌਕਤ ਨਾਲ ਹੋ ਗਈ। ਗੁ. ਸ੍ਰੀ ਗੁਰੂ ਸਿੰਘ ਸਭਾ ਖਡਿਆਲਾ ਸੈਣੀਆਂ ਤੋਂ ਮੁੱਖ ਸੇਵਾਦਾਰ ਜਥੇਦਾਰ ਬਾਬਾ ਰਣਧੀਰ ਸਿੰਘ ਦੀ ਅਗਵਾਈ ਵਿਚ ਆਰੰਭ ਹੋਈ ਪੈਦਲ ਸੰਗ ਯਾਤਰਾ ਸਮੇਂ ਹਜ਼ਾਰਾਂ ਹੀ ਗਿਣਤੀ ’ਚ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਆਪਣੀ ਹਾਜ਼ਰੀ ਲਗਵਾਈ ਅਤੇ ਵਿਸ਼ਾਲ ਸੰਗ ਯਾਤਰਾ ਉੱਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਆਰੰਭ ਕੀਤਾ।
ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਪੰਥਕ ਕਵੀਸ਼ਰੀ ਜਥਾ ਭਾਈ ਗੁਰਸ਼ਰਨ ਸਿੰਘ ਜਾਗੋ ਲਹਿਰ ਵਾਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖੰਜੋਰ ਦੇ ਕੀਰਤਨੀ ਜਥੇ, ਭਾਈ ਜਸਵਿੰਦਰ ਸਿੰਘ ਗੜਦੀਵਾਲ ਤੇ ਭਾਈ ਸੁਖਬੀਰ ਸਿੰਘ ਖਡਿਆਲਾ ਸੈਣੀਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿਚ ਸਰਬੱਤ ਸੰਗਤ ਅਤੇ ਸਲਾਨਾ ਪੈਦਲ ਸੰਗ ਯਾਤਰਾ ਦੇ ਸੇਵਾਦਾਰ ਬਾਬਾ ਰਣਧੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਉਨ੍ਹਾਂ ਨੇ ਸਰਬੱਤ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ,ਵੰਡ ਛਕੋ ਤੇ ਨਾਮ ਜਪੋ ਦੇ ਸਿਧਾਂਤ ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ ਕਿਹਾ ਕਿ ਜਿੱਥੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਹਨ ਉਹ ਧਰਤੀ ਪੂਜਣ ਯੋਗ ਹੋ ਗਈ ਹੈ ਅਤੇ ਇਸ ਦੇ ਪ੍ਰਥਾਏ ਹੀ ਹਜ਼ਾਰਾਂ ਸੰਗਤਾਂ ਗੁਰੂ ਸਾਹਿਬਾਨਾਂ ਦੇ ਪਵਿੱਤਰ ਅਸਥਾਨਾਂ ਤੇ ਪੈਦਲ ਚੱਲ ਕੇ ਨਤਮਸਤਕ ਹੋਣ ਵਾਸਤੇ ਜਾਂਦੀਆਂ ਹਨ।
ਇਸ ਮੌਕੇ ਮੁੱਖ ਸੇਵਾਦਾਰ ਬਾਬਾ ਰਣਧੀਰ ਸਿੰਘ ਜੀ ਨੇ ਪੰਥਕ , ਧਾਰਮਿਕ, ਰਾਜਨੀਤਿਕ ਸ਼ਖਸ਼ੀਅਤਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਸਮੁੱਚੀ ਯਾਤਰਾ ਦੌਰਾਨ ਗੁਰੂ ਸਾਹਿਬ ਜੀ ਦੀ ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਅਪੀਲ ਕੀਤੀ। ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵਾਲਿਆਂ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ, ਬਾਬਾ ਕਸ਼ਮੀਰਾ ਸਿੰਘ ਜੀ, ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਭੂਰੀ ਵਾਲੇ, ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸੰਤ ਬਾਬਾ ਨਾਗਰ ਸਿੰਘ ਜੀ ਤਰਨਾ ਦਲ, ਸੰਤ ਬਾਬਾ ਬਲਵੀਰ ਸਿੰਘ ਜੀ ਬਿਰਧ ਆਸ਼ਰਮ ਹਰਿਆਣਾ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਸੰਸਦੀ ਸਕੱਤਰ ਦੇਸ਼ਰਾਜ ਸਿੰਘ ਧੁੱਗਾ, ਸਾਬਕਾ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਜਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ,ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਬੱਬੂ, ਹਰਬੰਸ ਸਿੰਘ ਮੰਝਪੁਰ, ਸੁਰਿੰਦਰ ਸਿੰਘ ਛਿੰਦਾ ਯੂ.ਐਸ.ਏ, ਹੋਰਨਾਂ ਸ਼ਖਸ਼ੀਅਤਾਂ ਨੂੰ ਸਨਮਾਨ ਤੇ ਸਤਿਕਾਰ ਭੇਂਟ ਕੀਤਾ।
ਇਸ ਸਲਾਨਾ ਪੈਦਲ ਸੰਗ ਦੀ ਆਰੰਭਤਾ ਸਮੇਂ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਚਾਰ ਦਿਨਾਂ ਪੈਦਲ ਸੰਗ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਚਾਰ ਮਾਰਚ ਨੂੰ ਇਤਿਹਾਸਿਕ ਅਸਥਾਨ ਸ੍ਰੀ ਚੋਲਾ ਸਾਹਿਬ ਡੇਹਰਾ ਬਾਬਾ ਨਾਨਕ ਪਹੁੰਚੇਗੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰੇਗੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਗੁਰਦੀਪ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲਵਪ੍ਰੀਤ ਸਿੰਘ, ਡਾ. ਕੇਵਲ ਸਿੰਘ ਕਾਜਲ, ਅਵਤਾਰ ਸਿੰਘ ਤਾਰੀ ਨੰਗਲ ਖੁੰਗਾ, ਕਿਰਪਾਲ ਸਿੰਘ ਪਡੋਰੀ, ਸਮਾਜ ਸੇਵੀ ਸੁਰਜੀਤ ਸਿੰਘ ਭਾਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਜ਼ਾਰਾਂ ਹੀ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : 'ਯੁੱਧ ਨਸ਼ੇ ਵਿਰੁੱਧ' ਤਹਿਤ ਹੁਸ਼ਿਆਰਪੁਰ 'ਚ ਪੁਲਸ ਦੀ ਛਾਪੇਮਾਰੀ, SSP ਨੇ ਤਸਕਰਾਂ ਨੂੰ ਦਿੱਤੀ ਸਿੱਧੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e