ਜ਼ਿਲ੍ਹਾ ਪ੍ਰਸ਼ਾਸਨ ਨੇ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਕਰਵਾਈ ਮੌਕ ਡਰਿੱਲ
Wednesday, May 07, 2025 - 08:25 PM (IST)

ਹੁਸ਼ਿਆਰਪੁਰ- (ਪਰਮਜੀਤ ਮੋਮੀ) ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਸੰਕਟ ਦੀ ਸਥਿਤੀ ਤੇ ਅਣਸੁਖਾਵੀਂ ਘਟਨਾ ਤੋਂ ਬਚਾਅ ਸਬੰਧੀ ਸੁਚੇਤ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਆਈ.ਟੀ.ਆਈ ਗਰਾਊਂਡ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਮੌਕ ਡਰਿੱਲ ਕਰਵਾਈ ਗਈ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕ ਡਰਿੱਲ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਏ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ ਅਣਸੁਖਾਵੀਂ ਘਟਨਾ ਜਾਂ ਸੰਕਟ ਮੌਕੇ ਬਚਾਅ ਸਬੰਧੀ ਸਿਖਲਾਈ ਦੇਣ ਲਈ ਇਹ ਡਰਿਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਅਭਿਆਸ ਪ੍ਰਕਿਰਿਆ ਹੈ ਜੋ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਪਾਲੀ ਟੈਕਨਿਕ ਅਤੇ ਆਈਟੀਆਈ ਦੇ ਸਿੱਖਿਆ ਅਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਆਪਣੀ ਬਹਾਦਰ ਫ਼ੌਜ 'ਤੇ ਮਾਣ ਹੋਣਾ ਚਾਹੀਦਾ ਹੈ, ਜਿਸ ਨੇ ਹਮੇਸ਼ਾ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਸਾਨੂੰ ਹੌਸਲਾ ਰੱਖਦਿਆਂ ਆਪਣੀ ਫ਼ੌਜ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਸੁਚੇਤ ਕਰਨ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕੋਸ਼ਿਸ਼ਾਂ ਦੀ ਸਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਹੂਬਹੂ ਪਾਲਣਾ ਕਰਨ ਲਈ ਕਿਹਾ।
ਇਸ ਮੌਕੇ ਸੰਕਟਕਾਲ ਨਾਲ ਕਿਵੇਂ ਨਜਿੱਠਣਾ ਹੈ, ਇਸ ਸਬੰਧੀ ਸਿਵਲ ਡਿਫੈਂਸ, ਫਾਇਰ, ਮੈਡੀਕਲ ਟੀਮਾਂ, 12 ਪੰਜਾਬ ਐਨ.ਸੀ.ਸੀ ਹੁਸ਼ਿਆਰਪੁਰ, ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਮੌਕ ਡਰਿਲ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਕਟ ਆਉਂਦਾ ਹੈ ਤਾਂ ਲਈ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ। ਉਨ੍ਹਾਂ ਕਿਹਾ ਕਿ ਕੱਲ੍ਹ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜ਼ਮੀਨਦੋਜ਼ ਬੰਕਰ ਉੱਤੇ ਪਹੁੰਚ ਜਾਣ, ਜੇਕਰ ਉਨ੍ਹਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰਖਤ ਦੇ ਹੇਠਾਂ ਜਾਂ ਖੁੱਲ੍ਹੇ ਦੇ ਵਿੱਚ ਲੰਮੇ ਪੈ ਜਾਣ । ਜੋ ਲੋਕ ਇਮਾਰਤਾਂ ਦੇ ਵਿਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ। ਇਸੇ ਦੌਰਾਨ ਉਹ ਆਪਣੀ ਗੈਸ ਅਤੇ ਬਿਜਲੀ ਦੇ ਕੁਨੈਕਸ਼ਨ ਬੰਦ ਰੱਖਣ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੋਂ ਚਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿਨ੍ਹਾਂ ਵਿਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ, ਨੂੰ ਤੁਰੰਤ ਰਸਤਾ ਦੇਣ।
ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਓਇਸ਼ੀ ਮੰਡਲ, ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਕੁਮਾਰ, ਸਿਵਲ ਸਰਜਨ ਡਾ. ਪਵਨ ਕੁਮਾਰ, ਤਹਿਸੀਲਦਾਰ ਲਾਰਸਨ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।