ਨਹੀਂ ਦਿਸ ਰਿਹਾ ਕੈਪਟਨ ਦਾ ਅਸਰ, ਪਹਿਲਾਂ ਵਾਂਗ ਹੀ ਚੱਲ ਰਿਹੈ ਸਭ ਕੁੱਝ

Tuesday, Apr 17, 2018 - 04:03 AM (IST)

ਜਲੰਧਰ/ਗੁਰਦਾਸਪੁਰ  (ਰਮਨਦੀਪ ਸਿੰਘ ਸੋਢੀ) - 'ਆਪਣਾ ਪੰਜਾਬ' ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਸਰਕਾਰ ਦੇ ਕੰਮਾਂ ਦਾ ਮੁਲਾਂਕਣ ਕਰਦਿਆਂ ਜਿੱਥੇ ਵਾਅਦਾ ਖਿਲਾਫੀ ਦੇ ਦੋਸ਼ ਲਾਏ, ਉੱਥੇ ਰੇਤ-ਬਜਰੀ ਤੇ ਨਸ਼ਾ ਸਮੱਗਲਿੰਗ ਨੂੰ ਲੈ ਕੇ ਨਿਰਾਸ਼ਾ ਜਤਾਈ। ਛੋਟੇਪੁਰ ਦਾ ਕਹਿਣਾ ਹੈ ਕਿ ਬੇਸ਼ੱਕ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਦੇ ਦਾਅਵੇ ਕਰਦੇ ਸਨ ਪਰ ਨਵੀਂ ਸਰਕਾਰ ਬਣੀ ਨੂੰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਸਭ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ, ਜਿਸ ਤਰ੍ਹਾਂ ਪਿਛਲੀ ਸਰਕਾਰ ਵੇਲੇ ਚੱਲਦਾ ਰਿਹਾ ਹੈ। ਉਨ੍ਹਾਂ ਨਸ਼ਾ ਮਾਮਲੇ ਨੂੰ ਲੈ ਕੇ ਅਫਸਰਸ਼ਾਹੀ 'ਚ ਚੱਲ ਰਹੇ ਵਿਵਾਦ ਦਾ ਹਵਾਲਾ ਦਿੰਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੋਣ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੀਆਂ ਸੜਕਾਂ 'ਤੇ ਧਰਨੇ ਲੱਗ ਰਹੇ ਹਨ ਤੇ ਹਰ ਵਰਗ ਮੁਸੀਬਤਾਂ ਝੱਲ ਰਿਹਾ ਹੈ। ਉਨ੍ਹਾਂ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਦਾ ਮੋਹ ਕਾਂਗਰਸ ਤੋਂ ਭੰਗ ਹੋ ਚੁੱਕਾ ਹੈ। ਛੋਟੇਪੁਰ ਮੁਤਾਬਕ ਅੱਜ ਪੰਜਾਬ ਦਾ ਕਿਸਾਨ ਕਰਜ਼ ਮੁਆਫੀ ਦੀ ਉਡੀਕ 'ਚ ਬੈਠਾ ਹੈ ਜਦਕਿ ਨੌਜਵਾਨ ਸਰਕਾਰ ਦੀ ਨੌਕਰੀ ਤੇ ਮੋਬਾਇਲ ਦੀ ਉਡੀਕ ਕਰ ਰਹੇ ਹਨ ਪਰ ਆਲਮ ਇਹ ਹੈ ਕਿ ਸੂਬੇ 'ਚ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਦਿਸ ਰਹੀ।
ਛੋਟੇਪੁਰ ਦਾ ਮੰਨਣਾ ਹੈ ਕਿ ਪੰਜਾਬ ਦੇ ਤਤਕਾਲੀ ਹਾਲਾਤ ਲਈ ਕਾਫੀ ਹੱਦ ਤੱਕ ਅਰਵਿੰਦ ਕੇਜਰੀਵਾਲ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਦੀਆਂ ਬਦਨੀਤੀਆਂ ਨੇ ਆਮ ਆਦਮੀ ਪਾਰਟੀ ਨੂੰ ਪਿੱਛੇ ਧੱਕ ਦਿੱਤਾ ਤੇ ਅੱਜ ਸੂਬੇ 'ਚ ਕਾਂਗਰਸ ਦੀ ਸਰਕਾਰ ਰਾਜ ਕਰ ਰਹੀ ਹੈ। ਛੋਟੇਪੁਰ ਨੂੰ ਜਦੋਂ ਉਨ੍ਹਾਂ ਦੀ ਕੈਪਟਨ ਨਾਲ ਨੇੜਤਾ 'ਤੇ ਕਾਂਗਰਸ 'ਚ ਜਾਣ ਦੀ ਕਿਆਸਰਾਈ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕੋਰਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਦੇ ਸੋਚ ਵੀ ਨਹੀਂ ਸਕਦਾ ਤੇ ਨਾ ਹੀ ਇਹ ਸਵਾਲ ਮੇਰੇ 'ਤੇ ਢੁੱਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ 'ਚ ਅੱਜ ਵੀ ਤੀਜੇ ਧੜੇ ਦੀ ਲੋੜ ਹੈ, ਜਿਸ ਨੂੰ ਉਹ ਈਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ।


Related News