ਕਰ ਲੋ ਪਰਚੇ, ਅਸੀਂ ਕਿਹੜਾ ਡਰਦੇ ਹਾਂ : ਬਾਦਲ
Thursday, Dec 14, 2017 - 12:19 AM (IST)
ਬਠਿੰਡਾ (ਬਲਵਿੰਦਰ) - ਅਕਾਲੀ ਵਰਕਰਾਂ 'ਤੇ ਦਰਜ ਹੋਏ ਮੁਕੱਦਮਿਆਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ 'ਕਰ ਲੋ ਪਰਚੇ, ਅਸੀਂ ਕਿਹੜਾ ਡਰਦੇ ਹਾਂ, ਅਕਾਲੀ ਦਲ ਸੰਘਰਸ਼ਾਂ 'ਚੋਂ ਨਿਕਲੀ ਪਾਰਟੀ ਹੈ, ਜਿਸ ਦੇ ਸਿਪਾਹੀਆਂ ਨੇ ਅਨੇਕਾਂ ਵਾਰ ਜੇਲਾਂ ਵੀ ਕੱਟੀਆਂ ਹਨ ਤੇ ਧਰਨੇ ਵੀ ਦਿੱਤੇ ਹਨ। ਅਕਾਲੀ ਦਲ ਦੇ ਸਿਪਾਹੀਆਂ ਨੂੰ ਪਰਚਿਆਂ ਦਾ ਉੱਕਾ ਹੀ ਡਰ ਨਹੀਂ।' ਸ. ਬਾਦਲ ਇਥੇ ਇਕ ਹਸਪਤਾਲ 'ਚ ਆਪਣੇ ਕਿਸੇ ਜਾਣਕਾਰ ਦੀ ਖ਼ਬਰ ਲੈਣ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕੁਝ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ 'ਚ ਹੋ ਰਹੀਆਂ ਚੋਣਾਂ ਲੋਕਤੰਤਰਿਕ ਨਹੀਂ, ਸਗੋਂ ਧੱਕੇਸ਼ਾਹੀ ਹੈ। ਜੋ ਕਿ ਅਚੰਭਾ ਨਹੀਂ ਹੈ ਕਿਉਂਕਿ ਕਾਂਗਰਸ ਹਮੇਸ਼ਾ ਇਹੀ ਕਰਦੀ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਦੀ ਬਰਾਬਰੀ ਤਾਂ ਕਾਂਗਰਸ ਸੁਪਨੇ ਵਿਚ ਵੀ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ 91 ਸਾਲ ਪੂਰੇ ਹੋਣ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ, ਜਿਸ 'ਚ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਦਾ ਕਰਾਰਾ ਜਵਾਬ ਦੇਣ ਲਈ ਇਕ ਨਵੀਂ ਰੂਪ-ਰੇਖਾ ਵੀ ਉਲੀਕੀ ਜਾਵੇਗੀ। ਕਾਂਗਰਸ ਨੂੰ ਦੱਸ ਦਿੱਤਾ ਜਾਵੇਗਾ ਕਿ ਅਕਾਲੀ ਦਰਜ ਕੀਤੇ ਮੁਕੱਦਮਿਆਂ ਦਾ ਜਵਾਬ ਕਿਵੇਂ ਦਿੰਦੇ ਹਨ।
