ਦੀਵਾਲੀ ਦੀ ਰਾਤ ਪੰਜਾਬ ''ਚ ਵੱਡੀ ਘਟਨਾ! ਸੁੱਤੇ ਪਏ ਮੁੰਡੇ ਦੇ ਢਿੱਡ ''ਚ ਵੱਜੀ ਗੋਲ਼ੀ
Monday, Nov 09, 2026 - 01:33 PM (IST)
ਲੁਧਿਆਣਾ (ਰਾਜ): ਦੀਵਾਲੀ ਦੀ ਰਾਤ ਜਿੱਥੇ ਪੂਰਾ ਸ਼ਹਿਰ ਰੌਸ਼ਨੀ ਤੇ ਆਤਿਸ਼ਬਾਜ਼ੀ ਦੇ ਜਸ਼ਨ ਵਿਚ ਡੁੱਬਿਆ ਹੋਇਆ ਸੀ, ਉੱਥੇ ਹੀ ਗਿੱਲ ਰੋਡ ਸਥਿਤ ਦਾਣਾ ਮੰਡੀ ਇਲਾਕੇ ਤੋਂ ਇਕ ਦਿਲ-ਦਹਿਲਾ ਦੇਣ ਵਾਲਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਝੁੱਗੀ-ਝੋਪੜੀ ਵਿਚ ਆਪਣੇ ਭੈਣ-ਭਰਾਵਾਂ ਨਾਲ ਲੰਮੇ ਪਏ 5 ਸਾਲਾ ਮਾਸੂਮ ਬੱਚੇ ਨੂੰ ਭੇਤਭਰੀ ਹਾਲਤ ਵਿਚ ਗੋਲ਼ੀ ਲੱਗ ਗਈ। ਗੋਲ਼ੀ ਅਚਾਨਕ ਬੱਚੇ ਦੇ ਢਿੱਡ ਵਿਚ ਆ ਲੱਗੀ, ਜਿਸ ਨਾਲ ਉਹ ਦਰਦ ਨਾਲ ਤੜਫਣ ਲੱਗ ਪਿਆ। ਕਾਹਲੀ-ਕਾਹਲੀ ਵਿਚ ਪਰਿਵਾਰ ਨੇ ਆਪ ਹੀ ਢਿੱਡ ਵਿਚ ਫਸੀ ਗੋਲ਼ੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਬੱਚੇ ਦੇ ਬੇਹੋਸ਼ ਹੋਣ 'ਤੇ ਪਰਿਵਾਰ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਜ਼ਖ਼ਮੀ ਬੱਚੇ ਦੀ ਪਛਾਣ 5 ਸਾਲਾ ਬੱਚੇ ਕ੍ਰਿਸ਼ਨਾ ਵਜੋਂ ਹੋਈ ਹੈ। ਬੱਚੇ ਦੀ ਮਾਂ ਦੀਪਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ। ਦੀਵਾਲੀ ਦੀ ਰਾਤ ਕ੍ਰਿਸ਼ਨਾ ਆਪਣੇ ਭੈਣ-ਭਰਾ ਦੇ ਨਾਲ ਝੋਪੜੀ ਅੰਦਰ ਬਿਸਤਰੇ 'ਤੇ ਲੇਟਿਆ ਹੋਇਆ ਸੀ। ਝੋਪੜੀ ਦੇ ਇਕ ਪਾਸੇ ਪੜਦਾ ਲੱਗਿਆ ਹੈ ਤੇ ਦੂਜੇ ਪਾਸੇ ਕੰਧ ਹੈ। ਮਾਂ ਦੀਪਾ ਬਾਹਰ ਰੋਟੀ ਬਣਾ ਰਹੀ ਸੀ ਤੇ ਬੱਚਿਆਂ ਦੇ ਪਿਤਾ ਉੱਥੇ ਹੀ ਕੋਲ ਬੈਠੇ ਹੋਏ ਸਨ।
ਮਾਂ ਦੇ ਮੁਤਾਬਕ, ਅਚਾਨਕ ਝੋਪੜੀ ਦੇ ਅੰਦਰੋਂ ਕ੍ਰਿਸ਼ਨਾ ਦੇ ਜ਼ੋਰ-ਜ਼ੋਰ ਨਾਲ ਰੋਣ ਅਤੇ ਚੀਕਣ ਦੀ ਆਵਾਜ਼ ਆਈ। ਜਦੋਂ ਮਾਂ ਘਬਰਾ ਕੇ ਅੰਦਰ ਪਹੁੰਚੀ ਤਾਂ ਉਸ ਦੇ ਹੋਸ਼ ਉੱਡ ਗਏ। ਕ੍ਰਿਸ਼ਨਾ ਦੇ ਢਿੱਢ 'ਚੋਂ ਖ਼ੂਨ ਵਗ਼ ਰਿਹਾ ਸੀ ਤੇ ਉਸ ਵਿਚ ਕੋਈ ਗੋਲ਼ੀ ਵਰਗੀ ਚੀਜ਼ ਧੱਸੀ ਹੋਈ ਸੀ। ਉਨ੍ਹਾਂ ਨੇ ਆਪ ਹੀ ਢਿੱਡ ਵਿਚ ਫਸੀ ਗੋਲ਼ੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਖ਼ੂਨ ਵਗਣ ਅਤੇ ਦਰਦ ਨਾਲ ਤੜਫਦਿਆਂ ਬੱਚਾ ਬੇਹੋਸ਼ ਹੋਣ ਲੱਗ ਪਿਆ ਤਾਂ ਉਹ ਤੁਰੰਤ ਉਸ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਲੈ ਕੇ ਪਹੁੰਚੇ।
ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਲਕੁੱਲ ਸਮਝ ਨਹੀਂ ਆਈ ਕਿ ਇਹ ਗੋਲ਼ੀ ਕਿਸ ਨੇ ਅਤੇ ਕਿਸ ਦਿਸ਼ਾ ਤੋਂ ਚਲਾਈ। ਗੋਲ਼ੀ ਚੱਲਣ ਦੀ ਕੋਈ ਸਪਸ਼ਟ ਆਵਾਜ਼ ਵੀ ਪਟਾਕਿਆਂ ਦੇ ਰੌਲ਼ੇ ਵਿਚ ਸੁਣਾਈ ਨਹੀਂ ਦਿੱਤੀ ਤੇ ਬਾਹਰੋਂ ਭੱਜਦਾ ਦਿਖਣ 'ਤੇ ਆਲੇ-ਦੁਆਲੇ ਕੋਈ ਨਜ਼ਰ ਨਹੀਂ ਆਇਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਜਸ਼ਨ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਫ਼ਾਇਰਿੰਗ ਜਾਂ ਦੂਰੋਂ ਚਲਾਈ ਗਈ ਗੋਲ਼ੀ ਝੋਪੜੀ ਦਾ ਪੜਦਾ ਚੀਰਦੀ ਹੋਈ ਬੱਚੇ ਦੇ ਢਿੱਡ ਵਿਚ ਜਾ ਲੱਗੀ। ਪਰਿਵਾਰ ਹਸਪਤਾਲ ਵਿਚ ਗੋਲ਼ੀ ਵੀ ਨਾਲ ਲੈ ਕੇ ਪਹੁੰਚਿਆ ਸੀ, ਜਿਸ ਨੂੰ ਉਨ੍ਹਾਂ ਨੇ ਬੱਚੇ ਦੇ ਢਿੱਡ ਵਿਚੋਂ ਖਿੱਚਿਆ ਸੀ।
ਸਿਵਲ ਹਸਪਤਾਲ ਵਿਚ ਬੱਚੇ ਦਾ ਇਲਾਜ ਕਰ ਰਹੇ ਡਾ. ਸ਼ਿਵਮ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਬੱਚੇ ਦੇ ਢਿੱਡ ਵਿਚ ਗੋਲੀ ਲੱਗਣ ਵਰਗਾ ਡੂੰਘਾ ਜ਼ਖ਼ਮ ਮਿਲਿਆ ਹੈ। ਪਰਿਵਾਰ ਹਸਪਤਾਲ ਵਿਚ ਉਹ ਗੋਲ਼ੀ ਵੀ ਨਾਲ ਲੈ ਕੇ ਆਇਆ ਸੀ ਜਿਸ ਨੂੰ ਪੁਲਸ ਨੂੰ ਸੌਂਪਣ ਲਈ ਸੁਰੱਖਿਅਤ ਰੱਖ ਲਿਆ ਗਿਆ ਹੈ। ਹਸਪਤਾਲ ਦੀ ਸਰਜਰੀ ਤੇ ਬਾਲ ਰੋਗ ਮਾਹਰਾਂ ਦੀ ਸਾਂਝੀ ਟੀਮ ਬੱਚੇ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਫ਼ਿਲਹਾਲ ਸਥਿਰ ਬਣੀ ਹੋਈ ਹੈ। ਪੂਰੀ ਵਿਸਥਾਰਤ ਮੈਡੀਕਲ ਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਸੱਟ ਦੀ ਸਹੀ ਸਥਿਤੀ ਸਪਸ਼ਟ ਹੋਵੇਗੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਥਾਣਾ ਪੁਲਸ ਹਸਪਤਾਲ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਪੁਲਸ ਨੇ ਹਸਪਤਾਲ ਤੋਂ ਗੋਲ਼ੀ ਨੂੰ ਕਬਜ਼ੇ ਵਿਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਪੁਲਸ ਆਲੇ-ਦੁਆਲੇ ਦੇ ਇਲਾਕਿਆਂ ਵਿਚ ਇਹ ਪਤਾ ਲਗਾਉਣ ਵਿਚ ਜੁਟ ਗਈ ਹੈ ਕਿ ਦੀਵਾਲੀ ਦੀ ਰਾਤ ਉਸ ਇਲਾਕੇ ਵਿਚ ਕਿਸ ਨੇ ਹਥਿਆਰ ਦੀ ਵਰਤੋਂ ਜਾਂ ਹਵਾਈ ਫ਼ਾਇਰਿੰਗ ਕੀਤੀ ਸੀ।
