ਪੰਜਾਬ: ਦੀਵਾਲੀ ਦੀ ਰਾਤ ਪਸਰਿਆ ਮਾਤਮ! ਪਟਾਕੇ ਦੇ ਧਮਾਕੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Monday, Nov 09, 2026 - 01:26 PM (IST)
ਲੁਧਿਆਣਾ/ਜਗਰਾਓਂ (ਰਾਜ)- ਰੌਸ਼ਨੀ ਦੇ ਪਵਿੱਤਰ ਤਿਉਹਾਰ ਦੀਵਾਲੀ ਦੀਆਂ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਜਗਰਾਓਂ ਇਲਾਕੇ ਵਿਚ ਪਟਾਕੇ ਚਲਾਉਂਦੇ ਸਮੇਂ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿਚ 14 ਸਾਲਾ ਬੱਚੇ ਦੀ ਮੌਤ ਹੋ ਗਈ।
ਛੱਤ 'ਤੇ ਆਤਿਸ਼ਬਾਜ਼ੀ ਦੌਰਾਨ ਫੁੱਸ ਸਮਝੇ ਜਾਣ ਵਾਲੇ ਪਟਾਕੇ ਦੇ ਕੋਲ ਜਿਵੇਂ ਹੀ ਬੱਚਾ ਪਹੁੰਚਿਆ ਤਾਂ ਅਚਾਨਕ ਭਿਆਨਕ ਧਮਾਕੇ ਨਾਲ ਫਟ ਗਿਆ ਅਤੇ ਛਰੇ ਸਿੱਧੇ ਉਸ ਦੀ ਗਰਦਨ ਵਿਚ ਜਾ ਵੜੇ। ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਕਤ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ, ਜਿਸ ਦੇ ਚਲੇ ਜਾਣ ਨਾਲ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਉੱਜੜ ਗਈਆਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ।
ਇਹ ਵੀ ਪੜ੍ਹੋ: 15 ਨਵੰਬਰ ਨੂੰ ਹੋਵੇਗੀ ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ, ਪਰਿਵਾਰ ਨੇ ਸਾਂਝੀ ਕੀਤੀ ਸਾਰੀ ਜਾਣਕਾਰੀ
ਮੁੰਡਾ ਛੱਤ 'ਤੇ ਚਲਾ ਰਿਹਾ ਸੀ ਪਟਾਕੇ
ਮਿਲੀ ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਕਰੀਬ 9 ਵਜੇ ਸੁਰੇਸ਼ ਕੁਮਾਰ ਆਪਣੇ ਪਰਿਵਾਰ ਨਾਲ ਨਵੀਂ ਆਬਾਦੀ, ਅਕਾਲਗੜ ਸਾਹਿਬ ਸਥਿਤ ਆਪਣੇ ਵੱਡੇ ਭਰਾ ਦੇ ਘਰ ਦੀਵਾਲੀ ਦੀ ਵਧਾਈ ਦੇਣ ਅਤੇ ਮੱਥਾ ਟੇਕਣ ਗਏ ਹੋਏ ਸਨ। ਘਰ ਦੇ ਬਜ਼ੁਰਗ ਹੇਠਾਂ ਗੱਲਬਾਤ ਕਰ ਰਹੇ ਹਨ ਜਦਕਿ ਸੁਰੇਸ਼ ਕੁਮਾਰ ਦਾ 14 ਸਾਲਾ ਬੇਟਾ ਗਗਨ ਆਪਣੇ ਚਚੇਰੇ ਭਰਾ-ਭੈਣਾਂ ਨਾਲ ਮਕਾਨ ਦੀ ਛੱਤ 'ਤੇ ਪਟਾਕੇ ਚਲਾ ਰਿਹਾ ਸੀ। ਬੱਚੇ ਖ਼ੁਸ਼ੀ-ਖ਼ੁਸ਼ੀ ਨਾਲ ਆਤਿਸ਼ਬਾਜ਼ੀ ਕਰ ਰਹੇ ਸਨ ਪਰ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਕਿ ਕੁਝ ਹੀ ਪਲਾਂ ਵਿਚ ਇਹ ਤਿਉਹਾਰ ਉਨ੍ਹਾਂ ਲਈ ਜ਼ਿੰਦਗੀ ਭਰ ਦਾ ਗਮ ਬਣ ਜਾਵੇਗਾ।
ਪਟਾਕੇ ਕੋਲ ਜਾਂਦੇ ਹੀ ਹੋਇਆ ਧਮਾਕਾ
ਚਸ਼ਮਦੀਦਾਂ ਮੁਤਾਬਕ ਗਗਨ ਨੇ ਇਕ ਵੱਡੇ ਪਟਾਕੇ ਨੂੰ ਅੱਗ ਲਗਾਈ। ਅੱਗ ਲਗਾਉਣ ਮਗਰੋਂ ਉਹ ਤੁਰੰਤ ਪਿੱਛੇ ਹਟ ਗਿਆ ਪਰ ਪਟਾਕਾ ਨਹੀਂ ਚਲਿਆ। ਪਟਾਕੇ ਨੂੰ ਫੁੱਸ ਸਮਝ ਕੇ ਦੋਬਾਰਾ ਚਲਾਉਣ ਲਈ ਗਗਨ ਪਟਾਕੇ ਕੋਲ ਗਿਆ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਬਾਰੂਦ ਅਤੇ ਗੋਲੇ ਦੇ ਘਾਤਕ ਟੁਕੜੇ ਉਸ ਦੀ ਗਰਦਨ 'ਚ ਜਾ ਵੜੇ ਅਤੇ ਉਹ ਖ਼ੂਨ ਨਾਲ ਲਥਪਥ ਛੱਤ 'ਤੇ ਡਿੱਗ ਪਿਆ।
ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਬਰਨਾਲਾ 'ਚ ਵੱਡੀ ਵਾਰਦਾਤ! ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਚੀਕਾਂ ਸੁਣ ਕੇ ਦੌੜੇ ਪਰਿਵਾਰ ਵਾਲੇ, ਹਸਪਤਾਲ ਵਿਚ ਤੋੜਿਆ ਦਮ
ਛੱਤ 'ਤੇ ਅਚਾਨਕ ਹੋਏ ਧਮਾਕੇ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਹੇਠਾਣ ਮੌਜੂਦ ਪਰਿਵਾਰ ਵਾਲੇ ਤੁਰੰਤ ਛੱਤ 'ਤੇ ਪਹੁੰਚੇ। ਪਰਿਵਾਰ ਵੱਲੋਂ ਤੁਰੰਤ ਗਗਨ ਨੂੰ ਸਰਬਜੀਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਪਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਇਲਾਜ ਦੌਰਾਨ ਗਗਨ ਨੇ ਦਮ ਤੋੜ ਦਿੱਤਾ।
ਪਰਿਵਾਰ ਦਾ ਇਲਕੌਤਾ ਚਿਰਾਗ ਸੀ ਗਗਨ
ਗਗਨ ਦੀ ਮੌਤ ਦੀ ਖ਼ਬਰ ਸੁਣ ਪਰਿਵਾਰ ਵਿਚ ਮਾਤਮ ਛਾ ਗਿਆ। ਪਰਿਵਾਰ ਵਾਲਿਆਂ ਮੁਤਾਬਕ ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਥਾਨਕ ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਅਤੇ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦੇਣ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
