''ਦੀਵਾਲੀ ਵਾਲੀ ਰਾਤ 6:30 ਤੋਂ 9:30 ਵਜੇ ਤੱਕ ਹੀ ਲੋਕ ਚਲਾ ਸਕਣਗੇ ਛੋਟੇ ਪਟਾਕੇ''

10/17/2017 3:11:24 AM

ਮੁੱਲਾਂਪੁਰ ਦਾਖਾ(ਕਾਲੀਆ)-ਦੀਵਾਲੀ ਦਾ ਤਿਉਹਾਰ ਸਾਡੀਆਂ ਸਾਂਝਾਂ ਦਾ ਪ੍ਰਤੀਕ ਹੈ। ਇਸ ਨੂੰ ਆਵਾਜ਼ ਅਤੇ ਧੂੰਆਂ ਪ੍ਰਦੂਸ਼ਣ ਰਹਿਤ ਮਨਾਉਣਾ ਚਾਹੀਦਾ ਹੈ। ਪਟਾਕਿਆਂ 'ਤੇ ਫਜ਼ੂਲ ਖਰਚੀ ਕਰ ਕੇ ਨੋਟਾਂ ਨੂੰ ਅੱਗ ਲਾਉਣਾ ਹੈ। ਇਸ ਲਈ ਆਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਚੰਗੇ ਤੋਹਫੇ ਦੇ ਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਸ਼ੁੱਧ ਵਾਤਾਵਰਣ ਦੇ ਨਾਲ-ਨਾਲ ਇਹ ਤਿਉਹਾਰ ਸਦਭਾਵਨਾ ਨਾਲ ਮਨਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਸਵਿੰਦਰ ਸਿੰਘ ਬਰਾੜ ਡੀ. ਐੱਸ. ਪੀ. ਦਾਖਾ ਨੇ ਅੱਜ ਕੀਤਾ। ਉਨ੍ਹਾਂ ਕਿਹਾ ਕਿ ਲਾਇਸੈਂਸਸ਼ੁਦਾ ਪਟਾਕਾ ਵਿਕ੍ਰੇਤਾ ਹੀ ਛੋਟੇ ਪਟਾਕੇ ਵੇਚ ਸਕਣਗੇ ਜਦਕਿ ਵੱਡੇ ਪਟਾਕਿਆਂ ਤੇ ਆਤਿਸ਼ਬਾਜ਼ੀ ਉਪਰ ਪੰਜਾਬ ਹਰਿਆਣਾ ਹਾਈਕੋਰਟ ਉਪਰ ਪੂਰਨ ਪਾਬੰਦੀ ਲਾਈ ਗਈ ਹੈ ਅਤੇ ਇਹ ਛੋਟੇ ਪਟਾਕੇ ਵੀ ਦੀਵਾਲੀ ਵਾਲੀ ਰਾਤ ਸ਼ਾਮ 6:30 ਤੋਂ 9:30 ਵਜੇ ਤੱਕ ਚਲਾਏ ਜਾ ਸਕਦੇ ਹਨ। ਇਸ ਸਮਾਂਬੱਧ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰਾਤ ਨੂੰ ਲੋਕ ਆਤਿਸ਼ਬਾਜ਼ੀ ਅਤੇ ਵੱਡੇ ਬੰਬਾਂ ਦਾ ਪ੍ਰਯੋਗ ਕਰਦੇ ਸਨ ਜਿਸ ਨਾਲ ਕਈ ਘਰ ਅਤੇ ਵਪਾਰਿਕ ਅਦਾਰੇ ਅੱਗਜ਼ਨੀ ਦੀ ਭੇਟ ਚੜ੍ਹ ਜਾਂਦੇ ਹਨ। ਇਕਪਲ ਦੀ ਖੁਸ਼ੀ ਕਰ ਕੇ ਕਿਸੇ ਦਾ ਮਾਲੀ ਜਾਂ ਜਾਨੀ ਨੁਕਸਾਨ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਵੱਡੇ ਪਟਾਕੇ ਚਲਾਉਂਦੇ ਸਮੇਂ ਕਈ ਲੋਕ ਜ਼ਖਮੀ ਹੁੰਦੇ ਹਨ ਅਤੇ ਕਈਆਂ ਨੂੰ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ। ਇਸ ਲਈ ਇਨ੍ਹਾਂ ਪਟਾਕਿਆਂ ਉਪਰ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ। ਜੇਕਰ ਕੋਈ ਵੀ ਦੁਕਾਨਦਾਰ ਅਜਿਹੇ ਵੇਚਦਾ ਜਾਂ ਚਲਾਉਂਦਾ ਫੜਿਆ ਗਿਆ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਸ ਮੌਕੇ ਜੂਏਬਾਜ਼ਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਅਜਿਹੇ ਅਪਰਾਧਿਕ ਜੁਰਮਾਂ ਤੋਂ ਬਚਣ, ਉਨ੍ਹਾਂ ਨਾਲ ਵੀ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਹੁੱਲੜਬਾਜ਼ੀ ਕਰਦਿਆਂ ਕਾਨੂੰਨ ਆਪਣੇ ਹੱਥ ਵਿਚ ਲੈਂਦਾ ਵੇਖੋ ਤਾਂ ਤੁਰੰਤ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰੋ। ਸੂਚਨਾ ਦੇਣ ਵਾਲੇ ਦਾ ਨਾਂ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਅਮਨ ਕਾਨੂੰਨ ਨੂੰ ਹਰ ਕੀਮਤ ਬਹਾਲ ਰੱਖਿਆ ਜਾਵੇਗਾ।


Related News