ਦੀਵਾਲੀ ''ਤੇ ਮੰਡੀਆਂ ''ਚ ਬੈਠੇ ਕਿਸਾਨਾਂ ਦੀ ਸਾਰ ਲੈਣ ਪੁੱਜੇ ਮਾਨ ਨੇ ਪੰਜਾਬ ਸਰਕਾਰ ਨੂੰ ਲਾਏ ਰਗੜੇ

10/28/2019 6:36:52 PM

ਲਹਿਰਾਗਾਗਾ (ਗਰਗ) : ਦੀਵਾਲੀ ਵਾਲੇ ਦਿਨ ਲੋਕ ਸਭਾ ਹਲਕਾ ਸੰਗਰੂਰ ਦੇ ਐੱਮ. ਪੀ. ਭਗਵੰਤ ਮਾਨ ਨੇ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੇ ਦੁੱਖ-ਤਕਲੀਫਾਂ ਸੁਣੀਆਂ। ਰਾਏਧਰਾਣਾ ਵਿਖੇ ਅਨਾਜ ਮੰਡੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਮੰਡੀਆਂ 'ਚ ਬੁਰੀ ਤਰ੍ਹਾਂ ਰੁਲ ਰਿਹਾ ਹੈ। ਸਰਕਾਰ 17 ਪ੍ਰਤੀਸ਼ਤ ਨਮੀ 'ਤੇ ਅੜੀ ਹੋਈ ਹੈ ਜੋ ਮੌਸਮ ਮੁਤਾਬਕ ਹੋਣਾ ਸੰਭਵ ਨਹੀਂ ਕਿਉਂਕਿ ਮੌਸਮ ਦੇ ਹਿਸਾਬ ਨਾਲ ਜੇਕਰ ਕਿਸਾਨ ਮੰਡੀ ਵਿਚ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਲੈ ਕੇ ਆਉਂਦਾ ਹੈ ਤਾਂ ਇਕ-ਦੋ ਦਿਨ ਇਸ ਦੀ ਨਮੀ 19-20 ਪ੍ਰਤੀਸ਼ਤ ਤੱਕ ਚਲੀ ਜਾਂਦੀ ਹੈ । ਮੰਡੀ ਵਿਚ ਕਈ-ਕਈ ਦਿਨਾਂ ਤੋਂ ਝੋਨਾ ਲੈ ਕੇ ਬੈਠੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਭਗਵੰਤ ਮਾਨ ਨੂੰ ਦੱਸਿਆ ਕਿ ਇੰਸਪੈਕਟਰ 5-5 ਦਿਨ ਬੋਲੀ ਲਾਉਣ ਲਈ ਜਾਂ ਝੋਨਾ ਚੈੱਕ ਕਰਨ ਲਈ ਨਹੀਂ ਆਉਂਦੇ, ਜਿਸ ਕਰਕੇ ਸਾਡੇ ਇਲਾਕੇ ਦੇ ਕਿਸਾਨ ਆਪਣਾ ਝੋਨਾ ਹਰਿਆਣਾ ਦੀਆਂ ਮੰਡੀਆਂ ਵਿਚ 2-3 ਕਿਲੋ ਦੀ ਕਾਟ ਪ੍ਰਤੀ ਕੁਇੰਟਲ ਲਵਾ ਕੇ ਹਰਿਆਣਾ ਦੀਆਂ ਮੰਡੀਆਂ ਵਿਚ ਵੇਚਣ ਲਈ ਮਜਬੂਰ ਹੋ ਰਹੇ ਹਨ, ਜਿਸ ਨਾਲ ਜਿੱਥੇ ਕਿਸਾਨ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਉਥੇ ਹੀ ਮੰਡੀਕਰਨ ਬੋਰਡ ਨੂੰ ਵੀ ਲੱਖਾਂ ਰੁਪਏ ਮਾਰਕੀਟ ਫੀਸ ਦਾ ਘਾਟਾ ਪੈ ਰਿਹਾ ਹੈ ਅਤੇ ਮੰਡੀਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਵਿਹਲੇ ਬੈਠੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਦੇ ਭਾਅ ਦੇ ਸਕਦਾ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ? ਪੱਤਰਕਾਰਾਂ ਵੱਲੋਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਬੀ. ਜੇ. ਪੀ. ਵੱਲੋਂ ਸਰਕਾਰ ਬਣਾਉਣ ਅਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਹੋਈ ਹਾਰ ਸਬੰਧੀ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਦਿਆਂ ਉਨ੍ਹਾਂ ਕਿਹਾ ਸਰਕਾਰ ਕੋਈ ਵੀ ਬਣ ਜਾਵੇ ਪਰ ਕਿਸਾਨ ਇਸੇ ਤਰ੍ਹਾਂ ਮੰਡੀਆਂ ਵਿਚ ਰੁਲਦਾ ਰਹੇਗਾ ਕਿਉਂਕਿ ਪੰਜਾਬ ਅੰਦਰ 'ਉੱਤਰ ਕਾਟੋ ਮੈਂ ਚੜ੍ਹਾ' ਦੀ ਖੇਡ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ।


Gurminder Singh

Content Editor

Related News