ਦੀਵਾਲੀ ''ਤੇ ਉੱਜੜਿਆ ਹੱਸਦਾ-ਖੇਡਦਾ ਪਰਿਵਾਰ, ਹਾਦਸੇ ''ਚ ਸਕੇ ਭਰਾਵਾਂ ਦੀ ਮੌਤ

10/28/2019 6:36:54 PM

ਹੁਸ਼ਿਆਰਪੁਰ (ਅਮਰਿੰਦਰ) : ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਜਲੰਧਰ ਰੋਡ ਸਥਿਤ ਮੰਡਿਆਲਾ ਕਸਬੇ ਦੇ ਪੈਟਰੋਲ ਪੰਪ ਦੇ ਸਾਹਮਣੇ ਸੜਕ ਕੰਡੇ ਖੜ੍ਹੇ ਟਰੱਕ ਦੇ ਪਿੱਛੇ ਬੇਕਾਬੂ ਕਾਰ ਦੇ ਟਕਰਾਉਣ ਨਾਲ ਕਾਰ ਵਿਚ ਸਵਾਰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਮ੍ਰਿਤਕਾਂ ਦਾ ਤੀਜਾ ਸਾਥੀ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਜਲੰਧਰ ਦੇ ਹਸਪਤਾਲ ਚੱਲ ਰਿਹਾ ਹੈ। ਮ੍ਰਿਤਕ ਸਕੇ ਭਰਾਵਾਂ ਦੀ ਪਹਿਚਾਣ 23 ਸਾਲ ਦਾ ਸੰਜੀਵ ਕੁਮਾਰ ਤੇ 21 ਸਾਲ ਰੋਹਿਤ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਪਿੰਡ ਧਰਮਸ਼ਾਲਾ ਮਹੰਥਾ ਖਾਸ ਜ਼ਿਲਾ ਊਨਾ ਤਹਿਸੀਲ ਅੰਬ (ਹਿਮਾਚਲ ਪ੍ਰਦੇਸ਼) ਤੇ ਜ਼ਖ਼ਮੀ ਸਾਥੀ ਦੀ ਪਹਿਚਾਣ ਵਿਕਾਸ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਸ਼ਰਮਾ ਨਿਵਾਸੀ ਪਿੰਡ ਜਾਇਵਾਲ ਜ਼ਿਲਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਮ੍ਰਿਤਕ ਦੇ ਸਾਥੀਆਂ ਅਨੁਸਾਰ ਤਿੰਨੇ ਕਾਰ ਵਿਚ ਸਵਾਰ ਹੋ ਕੇ ਦੀਵਾਲੀ ਤੋਂ ਪਹਿਲਾਂ ਮਾਤਾ ਚਿੰਤਪੂਰਣੀ ਮੱਥਾ ਟੇਕਣ ਲਈ ਜਲੰਧਰ ਤੋਂ ਦੇਰ ਰਾਤ 12 ਵਜੇ ਨਿਕਲੇ ਸਨ।

ਜ਼ੋਰਦਾਰ ਧਮਾਕੇ ਦੀ ਆਵਾਜ ਸੁਣ ਸਹਿਮ ਉੱਠੇ ਲੋਕ
ਟਰੱਕ ਦੇ ਪਿੱਛੇ ਟਕਰਾਉਣ ਕਾਰਨ ਤੇਜ਼ ਆਵਾਜ਼ ਸੁਣ ਆਸਪਾਸ ਦੇ ਲੋਕ ਸਹਿਮ ਉੱਠੇ। ਕਾਰ ਵਿਚ ਫਸੇ ਤਿੰਨਾਂ ਜ਼ਖ਼ਮੀਆਂ ਦੀ ਚੀਖਾਂ ਸੁਣ ਪੈਟਰੋਲ ਪੰਪ ਦੇ ਆਸਪਾਸ ਦੇ ਰਹਿਣ ਵਾਲੇ ਲੋਕ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਵਿਚ ਜੁੱਟ ਗਏ। ਉਧਰ ਮਾਮਲੇ ਦੀ ਸੂਚਨਾ ਨਸਰਾਲਾ ਪੁਲਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੂੰ ਦਿੱਤੀ । ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਐਬੂਲੈਂਸ ਦੀ ਸਹਾਇਤਾ ਨਾਲ ਕਾਰ ਵਿਚ ਫਸੇ ਤਿੰਨਾਂ ਹੀ ਜ਼ਖ਼ਮੀਆਂ ਨੂੰ ਲੈ ਕੇ ਰਾਮਾ ਮੰਡੀ ਜਲੰਧਰ ਕੈਂਟ ਸਥਿਤ ਇਕ ਨਿੱਜੀ ਹਸਪਤਾਲ ਪੁੱਜੇ । ਸੰਜੀਵ ਤੇ ਰੋਹਿਤ ਦੀ ਹਾਲਤ ਨੂੰ ਵਿਗੜਦੇ ਵੇਖ ਬਿਹਤਰ ਇਲਾਜ ਲਈ ਤੜਕੇ ਜਲੰਧਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ ।

ਨਸਰਾਲਾ ਪੁਲਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੋਵਾਂ ਮ੍ਰਿਤਕ ਭਰਾ ਸੰਜੀਵ ਤੇ ਰੋਹਿਤ ਤੇ ਜ਼ਖ਼ਮੀ ਵਿਕਾਸ ਸ਼ਰਮਾ ਜਲੰਧਰ ਵਿਚ ਨੌਕਰੀ ਕਰਨ ਦੌਰਾਨ ਅਚਾਨਕ ਚਿੰਤਪੂਰਣੀ ਮੱਥਾ ਟੇਕਣ ਲਈ ਨਿਕਲੇ ਸਨ । ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਪੁਲਸ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰ ਰਹੀ ਹੈ ਅਤੇ ਪੋਸਟਮਾਰਟਮ ਦੇ ਬਾਦ ਲਾਸ਼ਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ।


Gurminder Singh

Content Editor

Related News