ਪਤੀਆਂ ਨੂੰ ਤਲਾਕ ਦਿੱਤੇ ਬਗੈਰ ਕਰਵਾਇਆ ਤੀਸਰਾ ਵਿਆਹ

Tuesday, Feb 26, 2019 - 11:34 AM (IST)

ਪਤੀਆਂ ਨੂੰ ਤਲਾਕ ਦਿੱਤੇ ਬਗੈਰ ਕਰਵਾਇਆ ਤੀਸਰਾ ਵਿਆਹ

ਮੋਗਾ (ਆਜ਼ਾਦ)—ਪਿੰਡ ਡਰੋਲੀ ਭਾਈ ਨਿਵਾਸੀ ਇਕ ਔਰਤ ਵੱਲੋਂ ਆਪਣੇ ਦੋ ਪਤੀਆਂ ਨੂੰ ਕਾਨੂੰਨੀ ਤਲਾਕ ਦਿੱਤੇ ਬਿਨਾਂ ਇੰਗਲੈਂਡ ਰਹਿੰਦੇ ਐੱਨ. ਆਰ. ਆਈ. ਲੜਕੇ ਨਾਲ ਤੀਸਰਾ ਵਿਆਹ ਕਰਵਾ ਕੇ ਉਸ ਤੋਂ 22 ਲੱਖ ਰੁਪਏ ਠੱਗਣ ਅਤੇ ਉਸ ਦੇ ਮੋਗਾ ਸਥਿਤ ਜੱਦੀ ਘਰ 'ਤੇ ਜ਼ਬਰਦਸਤੀ ਕਬਜ਼ਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਔਰਤ ਸਮੇਤ ਪੰਜ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਗਦੀਪ ਸਿੰਘ ਪੁੱਤਰ ਬਖਤੌਰ ਸਿੰਘ ਨਿਵਾਸੀ ਪਿੰਡ ਗਾਜੀਆਣਾ (ਮੋਗਾ) ਨੇ ਕਿਹਾ ਕਿ ਇੰਗਲੈਂਡ ਰਹਿੰਦਾ ਐੱਨ.ਆਰ.ਆਈ. ਲੜਕਾ ਮਨਪ੍ਰੀਤ ਸਿੰਘ, ਜੋ ਮੇਰੀ ਭੂਆ ਜਗਤਾਰ ਕੌਰ ਨਿਵਾਸੀ ਚੰਦ ਪੁਰਾਣਾ ਦਾ ਪੋਤਰਾ ਹੈ। ਉਸ ਨੇ ਕਿਹਾ ਕਿ ਕਥਿਤ ਦੋਸ਼ੀ ਔਰਤ ਕੁਲਵਿੰਦਰ ਕੌਰ, ਜਿਸ ਦਾ ਪਹਿਲਾ ਵਿਆਹ 2013 ਵਿਚ ਸੁਖਦੇਵ ਸਿੰਘ ਨਿਵਾਸੀ ਪਿੰਡ ਸੱਦਾ ਸਿੰਘ ਵਾਲਾ ਨਾਲ ਹੋਇਆ ਸੀ ਅਤੇ ਬਗੈਰ ਕਾਨੂੰਨੀ ਤਲਾਕ ਦਿੱਤੇ ਉਸ ਨੇ ਦੂਸਰਾ ਵਿਆਹ 2014 ਵਿਚ ਲਖਵੀਰ ਸਿੰਘ ਨਿਵਾਸੀ ਪਿੰਡ ਰੋਡੇ  ਨਾਲ ਕਰਵਾ ਲਿਆ ਸੀ। ਉਨ੍ਹਾਂ ਕਿਹਾ ਕਿ ਮੇਰਾ ਨਜ਼ਦੀਕੀ ਰਿਸ਼ਤੇਦਾਰ ਮਨਪ੍ਰੀਤ ਸਿੰਘ ਜਦ ਵੀ ਇੰਗਲੈਂਡ ਤੋਂ ਆਉਂਦਾ ਉਹ ਮੇਰੇ ਕੋਲ ਹੀ ਪਿੰਡ ਰੋਡੇ 'ਚ ਆ ਕੇ ਰਹਿੰਦਾ। ਕਥਿਤ ਦੋਸ਼ੀ ਔਰਤ ਨੇ ਮਨਪ੍ਰੀਤ ਸਿੰਘ ਨੂੰ ਆਪਣੀ ਚੁੰਗਲ ਵਿਚ ਫਸਾ ਲਿਆ ਅਤੇ ਉਸ ਨੇ ਆਪਣੇ ਦੂਸਰੇ ਪਤੀ ਲਖਵੀਰ ਸਿੰਘ  ਨਾਲ ਕਥਿਤ ਮਿਲੀਭੁਗਤ ਕਰ ਕੇ ਹਲਫੀਆ ਬਿਆਨ ਰਾਹੀਂ ਬਗੈਰ ਕਾਨੂੰਨੀ ਤਲਾਕ ਦਿੱਤੇ ਅਤੇ ਆਪਣੇ ਆਪ ਨੂੰ ਕੁਆਰੀ ਦੱਸ ਕੇ 2016 ਵਿਚ ਉਸ ਨਾਲ ਤੀਸਰਾ ਵਿਆਹ ਕਰਵਾ ਲਿਆ ਅਤੇ ਉਕਤ ਦੋਵਾਂ ਨੇ ਆਪਣੀ ਮੈਰਿਜ ਵੀ ਰਜਿਸਟਰਡ ਕਰਵਾ ਲਈ। ਸ਼ਿਕਾਇਤਕਰਤਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਜੋ ਇੰਗਲੈਂਡ ਦਾ ਜੰਮਪਲ ਹੈ ਅਤੇ ਉਸ ਨੂੰ ਪੰਜਾਬੀ ਦੀ ਕੋਈ ਜਾਣਕਾਰੀ ਵੀ ਨਹੀਂ। ਕਥਿਤ ਦੋਸ਼ੀ ਔਰਤ ਨੇ ਉਸ  ਨਾਲ ਇਕ ਝੂਠਾ ਇਕਰਾਰਨਾਮਾ ਕਰ ਕੇ ਉਸ ਦੇ ਹਸਤਾਖਰ ਕਰਵਾ ਲਏ ਕਿ ਮੈਂ ਕੁਲਵਿੰਦਰ ਕੌਰ ਨੂੰ ਇੰਗਲੈਂਡ ਬੁਲਾਉਣ ਲਈ 50 ਲੱਖ ਰੁਪਏ ਲਏ ਹਨ। ਇਸ ਤਰ੍ਹਾਂ ਉਸ ਨੇ ਮਨਪ੍ਰੀਤ ਦੇ ਇੰਗਲੈਂਡ ਜਾਣ ਦੇ ਬਾਅਦ ਉਸ ਤੋਂ ਹੌਲੀ-ਹੌਲੀ 22 ਲੱਖ ਰੁਪਏ ਦੇ ਕਰੀਬ  ਪੈਸੇ ਇੰਗਲੈਂਡ ਤੋਂ ਮਨੀਗ੍ਰਾਮ ਰਾਹੀਂ ਮੰਗਵਾ ਲਏ ਅਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਵੀ  ਉਸ  ਨੇ ਦਬਾਅ ਪਾਇਆ। ਜਦ ਉਸ ਨੇ ਮਨਪ੍ਰੀਤ ਸਿੰਘ ਨੂੰ ਹੋਰ ਪੈਸੇ ਭੇਜਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਹ ਧਮਕਾਉਣ ਲੱਗੀ ਅਤੇ ਉਸ ਦੇ ਜੱਦੀ ਘਰ ਜੋ ਮਨਪ੍ਰੀਤ ਦੇ ਪਿਤਾ ਨਛੱਤਰ ਸਿੰਘ ਦਾ ਆਪਣੇ ਭਰਾ ਦੇ ਨਾਲ ਸਾਂਝਾ ਮਕਾਨ ਗੋਧੇਵਾਲਾ ਮੋਗਾ ਵਿਚ ਸਥਿਤ ਹੈ, 'ਤੇ ਜ਼ਬਰਦਸਤੀ ਕਬਜ਼ਾ ਕਰ ਕੇ ਉਸ ਵਿਚ ਆਪਣਾ ਸਾਮਾਨ ਰੱਖ ਲਿਆ, ਜਿਸ 'ਤੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਨੇ ਜਾਂਚ ਦੇ ਬਾਅਦ ਥਾਣਾ ਸਿਟੀ ਮੋਗਾ ਵਿਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ।


author

Shyna

Content Editor

Related News