ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਲਈ ਪਰੇਸ਼ਾਨੀ ਭਰੀ ਖ਼ਬਰ, ਤੁਸੀਂ ਵੀ ਪੜ੍ਹੋ
Wednesday, Jan 22, 2025 - 10:35 AM (IST)
ਚੰਡੀਗੜ੍ਹ (ਲਲਨ) : ਮਹਾਂਕੁੰਭ ਲਈ ਯਾਤਰੀਆਂ ਦੀ ਭਾਰੀ ਭੀੜ ਦਾ ਏਅਰਲਾਈਨਜ਼ ਪੂਰਾ ਫ਼ਾਇਦਾ ਚੁੱਕ ਰਹੀਆਂ ਹਨ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪ੍ਰਯਾਗਰਾਜ ਜਾਣ ਵਾਲੇ ਯਾਤਰੀਆਂ ਲਈ ਹਫ਼ਤਾਵਾਰੀ ਉਡਾਣ ਦਾ ਵੱਧ ਤੋਂ ਵੱਧ ਕਿਰਾਇਆ 4 ਗੁਣਾ ਵੱਧ ਗਿਆ ਹੈ। 8 ਦਿਨ ਪਹਿਲਾਂ ਗਈ ਉਡਾਣ ਦਾ ਕਿਰਾਇਆ (ਆਉਣ-ਜਾਣ) 12,894 ਰੁਪਏ ਸੀ ਅਤੇ ਹੁਣ ਅਗਲੇ ਹਫ਼ਤੇ ਜਾਣ ਵਾਲੇ ਤੀਜੇ ਜਹਾਜ਼ ਦਾ ਕਿਰਾਇਆ 53,492 ਰੁਪਏ ਹੈ। ਇੰਨਾ ਹੀ ਨਹੀਂ, ਸਾਰੀਆਂ ਸੀਟਾਂ ਭਰੀਆਂ ਹੋਣ ਕਾਰਨ ਏਅਰਲਾਈਨ ਨੇ ਉਡਾਣਾਂ ਦੀ ਆਨਲਾਈਨ ਬੁਕਿੰਗ ਬੰਦ ਕਰ ਦਿੱਤੀ ਹੈ। ਦੂਜੇ ਪਾਸੇ ਮਨਮਾਨੇ ਕਿਰਾਏ ਦੀ ਸ਼ਿਕਾਇਤ ਚੰਡੀਗੜ੍ਹ ਦੇ ਖ਼ਪਤਕਾਰ ਅਧਿਕਾਰ ਵਰਕਰ ਤੇ ਜ਼ਿਲ੍ਹਾ ਖ਼ਪਤਕਾਰ ਸੁਰੱਖਿਆ ਪ੍ਰੀਸ਼ਦ ਦੇ ਸਾਬਕਾ ਮੈਂਬਰ ਅਜੈ ਜੱਗਾ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਰਾਹੀਂ ਕੀਤੀ ਹੈ। ਪੱਤਰ ’ਚ ਕਿਹਾ ਹੈ ਕਿ ਧਾਰਮਿਕ ਸਮਾਗਮ ਦੀ ਪਵਿੱਤਰਤਾ ਨੂੰ ਧਿਆਨ ’ਚ ਰੱਖਦਿਆਂ ਏਅਰਲਾਈਨਾਂ ਨੂੰ ਛੋਟ ਜਾਂ ਵਾਧੂ ਸਹੂਲਤਾਂ ਪ੍ਰਦਾਨ ਕਰਨ ਲਈ ਪਹਿਲ ਕਰਨੀ ਚਾਹੀਦੀ ਸੀ। ਇਸ ਦੇ ਉਲਟ ਸ਼ਰਧਾਲੂਆਂ ਨੂੰ ਮਹਾਂਕੁੰਭ ਜਾਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਜਦੋਂ ਸਰਕਾਰ ਗਾਹਕ ਰਾਜਾ ਹੈ, ਦਾ ਪ੍ਰਚਾਰ ਕਰਦੀ ਹੈ ਤਾਂ ਹਵਾਈ ਸਫ਼ਰ ਨੂੰ ਕਿਫ਼ਾਇਤੀ ਤੇ ਮਨਮਾਨੀ ਵਸੂਲੀ ਤੋਂ ਮੁਕਤ ਬਣਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਸੀਨੀਅਰ IAS ਅਧਿਕਾਰੀ ਲਵੇਗਾ VRS, ਸਰਕਾਰ ਨੇ ਮਨਜ਼ੂਰ ਕੀਤੀ ਅਰਜ਼ੀ
ਹਫ਼ਤਾਵਾਰੀ ਦੂਜੀ ਉਡਾਣ ’ਚ 36 ਹਜ਼ਾਰ ਦੀ ਸੀ ਟਿਕਟ
13 ਜਨਵਰੀ ਨੂੰ ਚੰਡੀਗੜ੍ਹ ਤੋਂ ਪਹਿਲੀ ਹਫ਼ਤਾਵਾਰੀ ਉਡਾਣ ਮਹਾਂਕੁੰਭ ਲਈ ਰਵਾਨਾ ਹੋਈ, ਜਿਸ ਦਾ ਵੱਧ ਤੋਂ ਵੱਧ ਆਉਣ-ਜਾਣ ਦਾ ਕਿਰਾਇਆ ਪ੍ਰਤੀ ਸੀਟ 12,894 ਰੁਪਏ ਸੀ। ਇਕ ਹਫ਼ਤੇ ਬਾਅਦ 20 ਜਨਵਰੀ ਨੂੰ ਦੂਜੀ ਉਡਾਣ ਦਾ ਕਿਰਾਇਆ ਪ੍ਰਤੀ ਸੀਟ 36 ਹਜ਼ਾਰ ਰੁਪਏ ਸੀ। 27 ਜਨਵਰੀ ਨੂੰ ਪ੍ਰਯਾਗਰਾਜ ਲਈ ਟਿਕਟ ਦੀ ਵੱਧ ਤੋਂ ਵੱਧ ਕੀਮਤ 53,492 ਰੁਪਏ ਹੈ। ਇਸ ਉਡਾਣ ਦੀਆਂ ਟਿਕਟਾਂ ਰਵਾਨਗੀ ਤੋਂ 6 ਦਿਨ ਪਹਿਲਾਂ ਵਿਕ ਗਈਆਂ ਹਨ।
ਇਹ ਵੀ ਪੜ੍ਹੋ : ਅਧਿਆਪਕਾਂ ਲਈ ਜਾਰੀ ਹੋਇਆ ਸਖ਼ਤ ਫ਼ਰਮਾਨ! ਬੱਚਿਆਂ ਵਾਂਗ ਪਾਉਣੀ ਪਵੇਗੀ ਵਰਦੀ
ਹੋਰ ਉਡਾਣ ਸ਼ੁਰੂ ਕਰਨ ਦੀ ਕੋਸ਼ਿਸ਼
ਮਹਾਂਕੁੰਭ ਦੀਆਂ ਟਿਕਟਾਂ ਦੀ ਮਾਰਾਮਾਰੀ ਤੋਂ ਬਾਅਦ ਹਵਾਈ ਅੱਡਾ ਅਥਾਰਟੀ ਨਵੀਆਂ ਉਡਾਣ ਚਲਾਉਣ ਲਈ ਹੋਰ ਏਅਰਲਾਈਨਾਂ ਨਾਲ ਗੱਲ ਕਰ ਰਹੀ ਹੈ। ਇਸ ਸਬੰਧੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਕਿਹਾ ਕਿ ਇਸ ਵੇਲੇ ਪ੍ਰਯਾਗਰਾਜ ਲਈ ਸਿਰਫ਼ ਇਕ ਉਡਾਣ ਹੈ। ਸ਼ਰਧਾਲੂਆਂ ਦੀ ਭੀੜ ਨੂੰ ਧਿਆਨ ’ਚ ਰੱਖਦਿਆਂ ਹੋਰ ਏਅਰਲਾਈਨਾਂ ਨਾਲ ਗੱਲ ਕਰ ਰਹੇ ਹਾਂ ਤਾਂ ਜੋ ਮਹਾਂਕੁੰਭ ਤੱਕ ਵਾਧੂ ਉਡਾਣਾਂ ਚਲਾ ਸਕਣ ਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਦੱਸਣਯੋਗ ਹੈ ਕਿ ਚੰਡੀਗੜ੍ਹ-ਪ੍ਰਯਾਗਰਾਜ ਵਿਚਕਾਰ 72 ਸੀਟਾਂ ਵਾਲੀਆਂ ਉਡਾਣਾਂ ਦਾ ਸੰਚਾਲਨ ਅਲਾਇੰਸ ਏਅਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੀਆਂ ਸਾਰੀਆਂ ਸੀਟਾਂ ਭਰੀਆਂ ਹੋਈਆਂ ਹਨ ਕਿਉਂਕਿ ਬੁਕਿੰਗ ਫਲੈਕਸੀ ਫੇਅਰ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਸ ਤਹਿਤ ਉਡਾਣ ਚੌਥੇ ਹਫ਼ਤੇ ਵੀ ਭਰ ਗਈ ਹੈ, ਜਿਸ ਕਾਰਨ ਏਅਰਲਾਈਨ ਨੇ ਆਨਲਾਈਨ ਬੁਕਿੰਗ ਹਟਾ ਦਿੱਤੀ। ਅਜਿਹੀ ਸਥਿਤੀ ’ਚ ਇਹ ਸੋਚਿਆ ਜਾ ਸਕਦਾ ਹੈ ਕਿ ਅਥਾਰਟੀ ਨੂੰ ਹੋਰ ਉਡਾਣਾਂ ਚਲਾਉਣ ’ਚ ਦੇਰੀ ਨਹੀਂ ਕਰਨੀ ਚਾਹੀਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8