ਜ਼ਿਲੇ ਦੀਆਂ ਸੜਕਾਂ 8 ਸਾਲਾਂ ਦੌਰਾਨ ਨਿਗਲ ਗਈਆਂ 2732 ਜ਼ਿੰਦਗੀਆਂ

11/20/2017 3:34:54 AM

ਹੁਸ਼ਿਆਰਪੁਰ, (ਜ. ਬ.)- ਵਿਕਾਸ ਦੀ ਦੌੜ 'ਚ ਜ਼ਿਲੇ ਦੀਆਂ ਮੁੱਖ ਸੜਕਾਂ ਤੇ ਰਾਜ ਮਾਰਗ ਭਾਵੇਂ ਠੀਕ ਹਨ ਪਰ ਦੂਜੇ ਪਾਸੇ ਸੜਕਾਂ 'ਤੇ ਸਪੀਡ ਲਿਮਿਟ ਦੀ ਪਾਲਣਾ ਨਾ ਕਰਨਾ, ਲਾਪ੍ਰਵਾਹੀ ਨਾਲ ਵਾਹਨ ਚਲਾਉਣਾ, ਖਸਤਾਹਾਲ ਅਤੇ ਓਵਰਲੋਡ ਵਾਹਨ ਸੜਕਾਂ 'ਤੇ ਚਲਾਉਣਾ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣਾ ਹੈ। ਹੁਸ਼ਿਆਰਪੁਰ ਜ਼ਿਲੇ 'ਚ ਸੜਕ ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਅੰਕੜੇ ਕਾਫੀ ਹਨ। 'ਵਰਲਡ ਡੇ ਆਫ ਰਿਮੈਂਬਰੈਂਸ ਫਾਰ ਰੋਡ ਐਕਸੀਡੈਂਟ ਵਿਕਟਿਮਜ਼' 'ਤੇ ਜਦੋਂ ਇਨ੍ਹਾਂ ਅੰਕੜਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜ਼ਿਲੇ ਦੀਆਂ ਸੜਕਾਂ 'ਤੇ ਪਿਛਲੇ 8 ਸਾਲਾਂ 'ਚ 2181 ਸੜਕ ਹਾਦਸਿਆਂ 'ਚ 2732 ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ। 
ਜ਼ਿਲੇ 'ਚ ਇਨ੍ਹਾਂ ਸੜਕ ਹਾਦਸਿਆਂ ਦੇ ਬਾਵਜੂਦ ਟ੍ਰੈਫਿਕ ਪੁਲਸ ਕੋਲ ਨਾ ਤਾਂ ਸਪੀਡ ਲਿਮਿਟ ਮਾਪਣ ਲਈ ਰਾਡਾਰ ਹੈ ਅਤੇ ਨਾ ਹੀ ਲੋੜੀਂਦੀ ਗਿਣਤੀ 'ਚ ਐਲਕੋਮੀਟਰ। ਇਸ ਦੇ ਬਾਵਜੂਦ ਸਰਕਾਰੀ ਤੰਤਰ ਇਸ ਮਾਮਲੇ 'ਚ ਕੋਈ ਖਾਸ ਗੰਭੀਰਤਾ ਨਹੀਂ ਦਿਖਾ ਰਿਹਾ।
ਓਵਰਟੇਕ ਤੇ ਹਾਈ ਸਪੀਡ ਮੁੱਖ ਵਜ੍ਹਾ
ਦਸੰਬਰ ਤੇ ਜਨਵਰੀ ਮਹੀਨਿਆਂ ਵਿਚ ਹੁਸ਼ਿਆਰਪੁਰ ਜ਼ਿਲੇ 'ਚ ਜੰਮ ਕੇ ਧੁੰਦ ਪੈਂਦੀ ਹੈ। ਅੰਕੜਿਆਂ ਅਨੁਸਾਰ ਕਰੀਬ 40 ਤੋਂ 50 ਫੀਸਦੀ ਸੜਕ ਹਾਦਸੇ ਧੁੰਦ ਦੇ ਸੀਜ਼ਨ 'ਚ ਹੀ ਹੁੰਦੇ ਹਨ। ਪੁਲਸ ਹੈੱਡ ਕੁਆਰਟਰ 'ਚ ਰਾਜ ਦੇ ਸਾਰੇ ਪੁਲਸ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ ਕਿ ਧੁੰਦ ਦੌਰਾਨ ਐਕਸੀਡੈਂਟ ਜ਼ੋਨ ਦੀ ਪਛਾਣ ਕਰ ਕੇ ਸਖਤ ਚੌਕਸੀ ਵਰਤੀ ਜਾਵੇ। ਫਿਰ ਵੀ ਸੜਕਾਂ 'ਤੇ ਸਪੀਡ ਲਿਮਿਟ ਦੀ ਪਾਲਣਾ ਨਾ ਹੋਣ ਅਤੇ ਓਵਰਟੇਕ ਕਰਦੇ ਸਮੇਂ ਕੋਈ ਸਾਵਧਾਨੀ ਨਾ ਵਰਤਣ ਕਾਰਨ ਹਾਦਸਿਆਂ ਦਾ ਸਿਲਸਿਲਾ ਰੁਕਦਾ ਨਹੀਂ ਦਿਸ ਰਿਹਾ। ਸਾਲ 'ਚ ਇਕ ਵਾਰ ਟ੍ਰੈਫਿਕ ਹਫ਼ਤਾ ਮਨਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੜਕ ਹਾਦਸੇ 'ਚ ਟੁੱਟਦੀ ਜ਼ਿੰਦਗੀ ਦੀ ਡੋਰ ਨੂੰ ਲੈ ਕੇ ਕੋਈ ਪ੍ਰਵਾਹ ਨਹੀਂ ਹੈ।
ਜ਼ਿਲੇ 'ਚ ਵਾਹਨਾਂ ਦੀ ਸਥਿਤੀ 'ਤੇ ਇਕ ਨਜ਼ਰ
ਹੁਸ਼ਿਆਰਪੁਰ ਸ਼ਹਿਰ ਦੀ ਆਬਾਦੀ ਕਰੀਬ 2 ਲੱਖ ਸਮੇਤ ਜ਼ਿਲੇ ਦੀ ਕੁਲ ਆਬਾਦੀ 15 ਲੱਖ ਦੇ ਕਰੀਬ ਹੈ। ਹੁਸ਼ਿਆਰਪੁਰ ਜ਼ਿਲੇ 'ਚ 15 ਲੱਖ ਦੀ ਆਬਾਦੀ ਦੇ ਕਰੀਬ 5 ਲੱਖ ਲੋਕਾਂ ਕੋਲ ਦੋਪਹੀਆ ਅਤੇ ਚੌਪਹੀਆ ਵਾਹਨ ਹਨ। ਹੁਸ਼ਿਆਰਪੁਰ ਜ਼ਿਲੇ ਦੇ ਹਰ ਤੀਸਰੇ ਵਿਅਕਤੀ ਕੋਲ ਕੋਈ ਨਾ ਕੋਈ ਵਾਹਨ ਹੈ। ਐੱਨ.ਆਰ.ਆਈਜ਼. ਦੀ ਬਹੁਗਿਣਤੀ ਵਾਲਾ ਜ਼ਿਲਾ ਹੋਣ ਕਾਰਨ ਨਾਲ ਹਰ ਸਾਲ ਵਾਹਨਾਂ ਦੀ ਗਿਣਤੀ 'ਚ 20 ਤੋਂ 30 ਫੀਸਦੀ ਵਾਧਾ ਹੁੰਦਾ ਹੈ। ਅੰਕੜਿਆਂ 'ਤੇ ਗੌਰ ਕਰੀਏ ਤਾਂ 5 ਸਾਲ ਪਹਿਲਾਂ ਤੱਕ ਜ਼ਿਲੇ 'ਚ ਦੋਪਹੀਆ ਅਤੇ ਚੌਪਹੀਆ ਵਾਹਨਾਂ ਦੀ ਗਿਣਤੀ 2 ਲੱਖ ਤੋਂ ਵੀ ਘੱਟ ਸੀ ਪਰ ਪਿਛਲੇ 5 ਸਾਲਾਂ 'ਚ ਇਹ ਅੰਕੜਾ ਹੁਣ 5 ਲੱਖ ਦੇ ਕਰੀਬ ਪਹੁੰਚ ਗਿਆ ਹੈ।


Related News