ਜ਼ਮੀਨ ਹੇਠਲੇ ਪਾਣੀ ਦੀ ਘਾਟ ਕਾਰਨ ਮਾਰੂਥਲ ਬਣਨ ਵੱਲ ਵਧ ਰਿਹੈ ਜ਼ਿਲਾ ਜਲੰਧਰ
Friday, Jun 21, 2024 - 01:07 AM (IST)
ਜਲੰਧਰ, (ਸੁਨੀਲ)- ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਜ਼ਿਲਾ ਜਲੰਧਰ ਮਾਰੂਥਲ ਬਣਨ ਵੱਲ ਵਧ ਰਿਹਾ ਹੈ, ਜਿਸ ਕਾਰਨ ਅਗਲੇ ਡੇਢ ਦਹਾਕੇ ’ਚ ਇਸ ਨੂੰ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਜ਼ਿਲੇ ’ਚ ਕਿਸਾਨਾਂ ਨੂੰ ਝੋਨੇ ਦੇ ਚੱਕਰ ਤੋਂ ਕੱਢਣ ਲਈ ਜ਼ਿਲਾ ਖੇਤੀਬਾੜੀ ਵਿਭਾਗ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਜੋ ਕਿਸਾਨਾਂ ਨੂੰ ਦਾਲਾਂ ਤੇ ਹੋਰ ਫ਼ਸਲਾਂ ਦੀ ਕਾਸ਼ਤ ਕਰਨ ਲਈ ਜਾਗਰੂਕ ਕੀਤਾ ਜਾ ਸਕੇ।
ਉੱਥੇ ਹੀ ਵਧਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਤੇ ਕਈ ਇਲਾਕਿਆਂ ’ਚ ਪੀਣ ਵਾਲੇ ਪਾਣੀ ਦਾ ਸੰਕਟ ਡੂੰਘਾ ਹੋ ਗਿਆ ਹੈ, ਉਥੇ ਹੀ ਜਲੰਧਰ ਸ਼ਹਿਰ ਤੇ ਦਿਹਾਤੀ ਖੇਤਰਾਂ ’ਚ ਲੋਕਾਂ ਵੱਲੋਂ ਬਿਨਾਂ ਮਨਜ਼ੂਰੀ ਤੋਂ ਸਬਮਰਸੀਬਲ ਪੰਪ ਲਾਉਣ ਲਈ ਬੋਰ ਕੀਤੇ ਜਾ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਇਲਾਕੇ ’ਚ ਲੋਕ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ ਤੇ ਪ੍ਰਸ਼ਾਸਨ ਨੇ ਫਿਲਹਾਲ ਇਸ ਦਿਸ਼ਾ ’ਚ ਕੋਈ ਕਦਮ ਨਹੀਂ ਚੁੱਕਿਆ ਹੈ। ਜ਼ਮੀਨੀ ਪੱਧਰ ਦੇ ਪਾਣੀ ਨੂੰ ਲੈ ਕੇ ਜਲੰਧਰ ਬਲੈਕ ਜ਼ੋਨ ’ਚ ਆ ਗਿਆ ਹੈ, ਜੋ ਕਿ ਕਾਫੀ ਦੁਖਦਾਈ ਵੀ ਹੈ।
ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਪਾਣੀ ਨਾ ਮਿਲਿਆ ਤਾਂ ਇਸ ਦਾ ਲੋਕਾਂ ਦੇ ਜੀਵਨ ’ਤੇ ਕੀ ਪ੍ਰਭਾਵ ਪਵੇਗਾ। ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਤੇ ਵੱਧ ਤੋਂ ਵੱਧ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ। ਮਹਾਨਗਰ ’ਚ ਪਾਣੀ ਦੀ ਕਿੱਲਤ ਕਾਰਨ ਸਮਾਜ-ਸੇਵੀ ਤੇ ਇਲਾਕਾ ਨਿਵਾਸੀ ਪੈਸੇ ਇਕੱਠੇ ਕਰ ਕੇ ਪਾਣੀ ਦੇ ਭਰੇ ਟੈਂਕਰ ਮੰਗਵਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਪਿੰਡਾਂ ’ਚ ਵੀ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਲੋਕਾਂ ਨੂੰ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡਾਂ ’ਚ ਦੇਖਿਆ ਗਿਆ ਹੈ ਕਿ ਲੋਕ ਸਬੰਧਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਹੀ ਸਬਮਰਸੀਬਲ ਬੋਰ ਕਰਵਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਹੀ ਗਲੀ ’ਚ 8 ਤੋਂ 10 ਸਬਮਰਸੀਬਲ ਬੋਰ ਹੋ ਰਹੇ ਹਨ, ਜਿਸ ਕਾਰਨ ਇਲਾਕੇ ਦੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਦੂਜੇ ਪਾਸੇ ਇਲਾਕੇ ’ਚ ਲਾਈਆਂ ਪੁਰਾਣੀਆਂ ਸਬਮਰਸੀਬਲਾਂ ਨੇ ਪਾਣੀ ਚੁੱਣਾ ਬੰਦ ਕਰ ਦਿੱਤਾ ਹੈ। ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਰੋਜ਼ਾਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
600 ਫੁੱਟ ਤੱਕ ਹੇਠਾਂ ਚਲਾ ਗਿਆ ਧਰਤੀ ਹੇਠਲਾ ਪਾਣੀ
ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਹੇਠਾਂ ਡਿੱਗ ਗਿਆ ਹੈ, ਜਿਸ ਕਾਰਨ ਦੇਸ਼ ਭਰ ’ਚ ਪਾਣੀ ਦਾ ਸੰਕਟ ਡੂੰਘਾ ਹੋ ਗਿਆ ਹੈ, ਜੇਕਰ ਲੋਕ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਕਰਦੇ ਰਹੇ ਤਾਂ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ। ਇਸ ਸਮੇਂ ਧਰਤੀ ਹੇਠਲੇ ਪਾਣੀ ਦਾ ਪੱਧਰ 600 ਫੁੱਟ ਤੱਕ ਪਹੁੰਚ ਗਿਆ ਹੈ। ਪਾਣੀ ਦੇ ਘਟ ਰਹੇ ਪੱਧਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ ਤੇ ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।
ਡੀ. ਸੀ. ਦਫ਼ਤਰ ਜਾ ਕੇ ਲਓ ਪਰਮੀਸ਼ਨ
ਸਬਮਰਸੀਬਲ ਪੰਪ ਦੇ ਬੋਰ ਕਰਵਾਉਣ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਰਹਿੰਦੇ ਹਨ ਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਵਿਭਾਗ ਤੋਂ ਮਨਜ਼ੂਰੀ ਲੈਣੀ ਹੈ। ਇਸ ਸਬੰਧੀ ਲੋਕ ਕਈ ਵਾਰ ਪਾਵਰਕਾਮ ਦਫ਼ਤਰ ਤੇ ਨਗਰ ਨਿਗਮ ਦੇ ਚੱਕਰ ਵੀ ਲਾਉਂਦੇ ਹਨ। ਲੋਕ ਹੁਣ ਸਬਮਰਸੀਬਲ ਬੋਰ ਕਰਵਾਉਣ ਲਈ ਡੀ.ਸੀ. ਦਫ਼ਤਰ ਜਾ ਕੇ ਪਰਮੀਸ਼ਨ ਲੈਣ।
ਬਿਨਾਂ ਪਰਮੀਸ਼ਨ ਬੋਰ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤੀ
ਸ਼ਹਿਰਾਂ ਤੇ ਪਿੰਡਾਂ ’ਚ ਬਿਨਾਂ ਮਨਜ਼ੂਰੀ ਸਬਮਰਸੀਬਲ ਬੋਰ ਕੀਤੇ ਜਾ ਰਹੇ ਹਨ ਤੇ ਸਬੰਧਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਦਾ ਫਾਇਦਾ ਉਠਾ ਕੇ ਮਸ਼ੀਨਾਂ ਨਾਲ ਸਬਮਰਸੀਬਲ ਬੋਰ ਕਰਨ ਵਾਲੇ ਮੋਟੀ ਕਮਾਈ ਕਰ ਰਹੇ ਹਨ, ਜੇਕਰ ਸਬੰਧਤ ਵਿਭਾਗ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਤੇ ਬਿਨਾਂ ਮਨਜ਼ੂਰੀ ਪਾਣੀ ਦੇ ਬੋਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਹੋਵੇਗੀ। ਕਈ ਪਿੰਡਾਂ ’ਚ ਬੋਰ ਕਰਨ ਵਾਲੇ ਲੋਕਾਂ ਦੇ ਘਰਾਂ ਤੇ ਗਲੀਆਂ ’ਚ ਇਹ ਕਹਿ ਕੇ ਬੋਰ ਕਰ ਰਹੇ ਹਨ ਕਿ ਜੋ ਵੀ ਸਰਕਾਰੀ ਅਧਿਕਾਰੀ ਬੋਰ ਰੋਕਣ ਲਈ ਆਵੇਗਾ, ਉਸ ਨਾਲ ਸੈਟਿੰਗ ਕਰ ਕੇ ਕਰਵਾਇਆ ਜਾ ਰਿਹਾ ਸਬਮਰਸੀਬਲ ਬੋਰ ਨੂੰ ਬਿਨਾਂ ਕਿਸੇ ਡਰ ਤੋਂ ਚਾਲੂ ਕਰਵਾ ਦਿੱਤਾ ਜਾਵੇਗਾ।
ਜੁਰਮਾਨੇ ਕੀਤੇ ਜਾ ਚੁੱਕੇ ਹਨ: ਐਕਸੀਅਨ ਜਸਪਾਲ
ਬਿਜਲੀ ਵਿਭਾਗ ਦੇ ਐਕਸੀਅਨ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਟੀਮ ਪਹਿਲਾਂ ਵੀ ਕਈ ਪਿੰਡਾਂ ’ਚ ਗਲੀਆਂ ’ਚ ਲੱਗੇ ਸਬਮਰਸੀਬਲ ਪੰਪਾਂ ਦੇ ਕੁਨੈਕਸ਼ਨਾਂ ਸਬੰਧੀ ਜੁਰਮਾਨੇ ਕਰ ਚੁੱਕੇ ਹਨ।