ਦੇਖੋ ਵਾਇਰਲ ਵੀਡੀਓ ਨੇ ਕਿਵੇਂ ਖੋਲ੍ਹੀ ਜੇਲ ਅਧਿਕਾਰੀਆਂ ਦੀ ਪੋਲ

Sunday, Oct 06, 2019 - 08:25 PM (IST)

ਨੂਰਪੁਰਬੇਦੀ (ਕੁਲਦੀਪ)— ਜ਼ਿਲਾ ਜੇਲ ਰੂਪਨਗਰ 'ਚ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੋਬਾਇਲ ਅਤੇ ਨਸ਼ੇ ਦਾ ਕਾਰੋਬਾਰ ਚੱਲਣ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਵਾਇਰਲ ਕੀਤੀ ਗਈ ਵੀਡੀਓ 'ਚ ਰੂਪਨਗਰ ਜੇਲ ਦੇ ਸੈੱਲ ਬਲਾਕ 'ਚ 3 ਮੋਬਾਇਲ ਦਿਖਾਏ ਗਏ ਹਨ, ਜੋ ਕਿ ਚਾਲੂ ਹਾਲਤ 'ਚ ਹਨ। ਸਬੰਧਤ ਵਿਅਕਤੀ ਨੇ ਖੁਲਾਸਾ ਕਰਦੇ ਦੱਸਿਆ ਕਿ ਜੇਲ ਅਧਿਕਾਰੀ ਉਸ ਨੂੰ ਮੋਬਾਇਲ ਅਤੇ ਨਸ਼ਾ ਵੇਚਣ ਲਈ ਮਜਬੂਰ ਕਰ ਰਹੇ ਹਨ। ਉਸ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਛੋਟੇ ਮੋਬਾਇਲ ਦੀ ਕੀਮਤ 5 ਤੋਂ ਲੈ ਕੇ 6 ਹਜ਼ਾਰ ਤੱਕ ਅਤੇ ਵੱਡੇ ਮੋਬਾਇਲ ਦੀ ਕੀਮਤ ਕਰੀਬ 25 ਹਜ਼ਾਰ ਤਹਿ ਕੀਤੀ ਗਈ ਹੈ ਅਤੇ ਉਸ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

PunjabKesari

ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ 'ਤੇ ਹੋਰ ਕੋਈ ਮਾਮਲਾ ਬਣਾ ਕੇ ਉਸ ਨੂੰ ਜ਼ਿਲਾ ਜੇਲ ਰੂਪਨਗਰ ਤੋਂ ਸ਼ਿਫਟ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਸਬੰਧਤ ਵਿਅਕਤੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮਾਮਲੇ 'ਚ ਉੱਚ ਅਧਿਕਾਰੀਆਂ ਸਮੇਤ ਕੁਝ ਹੋਰ ਕਰਮਚਾਰੀ ਵੀ ਸ਼ਾਮਲ ਹਨ ਜੋ ਮੋਬਾਇਲ, ਨਸ਼ੇ ਵਾਲੀਆਂ ਗੋਲੀਆਂ, ਜਰਦਾ ਆਦਿ ਵੇਚਣ ਲਈ ਮਜਬੂਰ ਕਰਦੇ ਹਨ। ਇਸ ਸਬੰਧ 'ਚ ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਜੇਲ ਦੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਕੀ ਕਹਿੰਦੇ ਨੇ ਜੇਲ ਅਧਿਕਾਰੀ
ਇਸ ਸਬੰਧ 'ਚ ਜਦੋਂ ਜ਼ਿਲਾ ਜੇਲ ਦੇ ਇਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਅਜਿਹੀ ਕੋਈ ਵੀ ਪ੍ਰਕਿਰਿਆ ਨੂੰ ਅਮਲ 'ਚ ਨਹੀਂ ਲਿਆਂਦਾ ਜਾਂਦਾ। ਉਨ੍ਹਾਂ ਕਿਹਾ ਕਿ ਮਾਮਲੇ 'ਚ ਕੋਈ ਵੀ ਅਧਿਕਾਰੀ ਜਾਂਚ ਪੜਤਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀਡੀਓ ਵਾਇਰਲ ਹੋਈ ਹੈ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।


author

shivani attri

Content Editor

Related News