ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ''ਚ 264 ਵਿਦਿਆਰਥੀਆਂ ਨੂੰ ਪੜ੍ਹਾ ਰਿਹੈ 4 ਅਧਿਆਪਕ

07/16/2019 4:22:12 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਉਸ ਸਮੇਂ ਖੋਖਲੇ ਹੋ ਗਏ, ਜਦੋਂ ਉਸ ਸੰਸਥਾ 'ਚ ਵੱਡੀ ਗਿਣਤੀ 'ਚ ਅਸਾਮੀਆਂ ਖਾਲੀ ਪਈਆਂ ਗਈਆਂ, ਜਿੱਥੋਂ ਪੜ੍ਹ ਕੇ ਸਿੱਖਿਆਰਥੀਆਂ ਨੇ ਇਕ ਚੰਗੇ ਅਧਿਆਪਕ ਬਣਨਾ ਹੈ। ਅਜਿਹਾ ਸਭ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਵਿਖੇ ਚੱਲ ਰਹੀ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ 'ਚ ਦੇਖਣ ਨੂੰ ਮਿਲਿਆ। ਇਸ ਸਰਕਾਰੀ ਸੰਸਥਾ 'ਚ ਇਸ ਸਮੇਂ ਕੁਲ 264 ਸਿਖਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਸਿਰਫ਼ 4 ਲੈਕਚਰਾਰ ਹਨ। ਜਾਣਕਾਰੀ ਅਨੁਸਾਰ ਡਾਈਟ ਬਰਕੰਦੀ 'ਚ ਸਾਲ 2017-19 ਸ਼ੈਸ਼ਨ ਦੇ 97 ਸਿੱਖਿਆਰਥੀ, ਸਾਲ 2018-20 ਸ਼ੈਸ਼ਨ ਦੇ 96 ਸਿੱਖਿਆਰਥੀ ਅਤੇ ਸਾਲ 2019-21 ਸ਼ੈਸ਼ਨ ਦੇ 81 ਸਿੱਖਿਆਰਥੀ ਹਨ। ਪਿਛਲੇ ਲੰਮੇ ਸਮੇਂ ਤੋਂ ਉਕਤ ਸੰਸਥਾ ਨਾਲ ਸਮੇਂ ਦੀਆਂ ਸਰਕਾਰਾਂ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ। ਲੈਕਚਰਾਰਾਂ ਦੀਆਂ ਕੁਲ 13 ਅਸਾਮੀਆਂ ਹਨ, ਜਿਨ੍ਹਾਂ 'ਚੋਂ 9 ਅਸਾਮੀਆਂ ਖਾਲੀ ਪਈਆਂ ਹਨ। ਉਂਝ ਸਮੁੱਚੀ ਡਾਈਟ 'ਚ ਕੁਲ 25 ਅਸਾਮੀਆਂ ਹਨ, ਜਿਨ੍ਹਾਂ 'ਚੋਂ 21 ਖਾਲੀ ਹਨ। ਪਿਛਲੇ ਲੰਮੇ ਸਮੇਂ ਤੋਂ ਡਾਈਟ ਬਿਨਾਂ ਪ੍ਰਿੰਸੀਪਲ ਤੋਂ ਹੀ ਚੱਲ ਰਹੀ ਹੈ। ਸੁਪਰਡੈਂਟ, ਸਹਾਇਕ ਕਲਰਕ, ਦਰਜਾਚਾਰ ਮੁਲਾਜ਼ਮ ਸਭ ਅਸਾਮੀਆਂ ਖਾਲੀ ਹਨ। ਜੇਕਰ ਵੇਖਿਆ ਜਾਵੇ ਤਾਂ ਬਰਕੰਦੀ ਦੀ ਡਾਈਟ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ, ਕਿਉਂਕਿ ਸਟਾਫ ਦੀ ਘਾਟ ਕਾਰਨ ਸਿੱਖਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲੇ ਸਿੱਖਿਆਰਥੀ  
ਜ਼ਿਕਰਯੋਗ ਹੈ ਕਿ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ 'ਚ ਪੜ੍ਹ ਰਹੇ ਸਿੱਖਿਆਰਥੀ ਜਿੰਨਾਂ 'ਚ ਲੜਕੇ-ਲੜਕੀਆਂ ਸ਼ਾਮਲ ਹਨ, ਸਟਾਫ਼ ਦੀ ਘਾਟ ਦੇ ਨੂੰ ਲੈ  ਕੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹਨ ਤੇ ਮੰਗ-ਪੱਤਰ ਦਿੱਤਾ, ਜਿਸ ਦੀ ਕੋਈ ਸੁਣਵਾਈ ਕੋਈ ਹੋਈ। ਇਸ ਮੁੱਦੇ ਨੂੰ ਨਾ ਅਕਾਲੀਆਂ ਨੇ ਉਠਾਇਆ ਅਤੇ ਨਾ ਹੀ ਕਾਂਗਰਸੀਆਂ ਨੇ।  

ਸਟਾਫ਼ ਕੀਤਾ ਜਾਵੇ ਪੂਰਾ 
ਡਾਈਟ 'ਚ ਪੜ੍ਹਨ ਵਾਲੇ ਸਿੱਖਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਕਿ ਡਾਈਟ ਬਰਕੰਦੀ 'ਚ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣ, ਤਾਂਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਵਰਣਨਯੋਗ ਹੈ ਕਿ ਡਾਈਟ ਬਰਕੰਦੀ ਵਿਖੇ ਅਧਿਆਪਕਾਂ ਦੇ ਜ਼ਿਲਾ ਪੱਧਰੀ ਸੈਮੀਨਾਰ 'ਤੇ ਕੈਂਪ ਲਗਵਾਏ ਜਾਂਦੇ ਹਨ।


rajwinder kaur

Content Editor

Related News