ਜਿਸ ਦੇ ਮੋਢਿਆਂ ''ਤੇ ਸੀ ਬਾਲ ਸੁਰੱਖਿਆ ਦਾ ਭਾਰ, ਉਹੀ ਕਰ ਰਿਹਾ ਸੀ ਬੱਚਿਆਂ ਨਾਲ ਦੁਰਵਿਵਹਾਰ

07/17/2018 11:37:58 AM

ਜਲੰਧਰ (ਅਮਿਤ)— ਜ਼ਿਲੇ 'ਚ ਬੱਚਿਆਂ ਦੀ ਸੁਰੱਖਿਆ ਦਾ ਭਾਰ ਜਿਸ ਅਧਿਕਾਰੀ ਦੇ ਮੋਢਿਆਂ 'ਤੇ ਸੀ, ਉਹੀ ਬੱਚਿਆਂ ਨਾਲ ਲਗਾਤਾਰ ਦੁਰਵਿਵਹਾਰ ਅਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਉਸ ਵਿਰੁੱਧ ਉੱਚ ਅਧਿਕਾਰੀਆਂ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਪਰ ਹਰ ਮਾਮਲਾ ਦਬਾਇਆ ਜਾ ਰਿਹਾ ਸੀ। ਆਖਿਰਕਾਰ ਜਦ ਇਕ ਮਾਮਲੇ ਵਿਚ ਕਮਿਸ਼ਨਰ ਪੁਲਸ ਜਲੰਧਰ ਨੇ ਜ਼ਿਲਾ ਬਾਲ ਸੁਰੱਖਿਆ ਅਫਸਰ ਗੁਰਪ੍ਰੀਤ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਤਾਂ ਅਧਿਕਾਰੀਆਂ ਨੂੰ ਮਜਬੂਰ ਹੋ ਕੇ ਐਕਸ਼ਨ ਲੈਣਾ ਪਿਆ। ਮਾਮਲਾ ਵਧਣ ਤੋਂ ਬਾਅਦ ਉਸ ਦੇ ਕੰਟਰੈਕਟ ਦਾ ਵਾਧਾ ਕੈਂਸਲ ਕਰਦੇ ਹੋਏ ਡੀ. ਸੀ. ਨੇ ਤੁਰੰਤ ਪ੍ਰਭਾਵ ਨਾਲ ਰਿਲੀਵ ਕਰ ਦਿੱਤਾ। ਗੌਰਤਲਬ ਹੈ ਕਿ ਜ਼ਿਲਾ ਬਾਲ ਸੁਰੱਖਿਆ ਅਫਸਰ ਗੁਰਪ੍ਰੀਤ ਸਿੰਘ ਖਿਲਾਫ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਅਤੇ ਉਸ ਦੇ ਉਪਰ ਲੱਗ ਰਹੇ ਗੰਭੀਰ ਦੋਸ਼ਾਂ ਕਾਰਨ ਡਾਇਰੈਕਟਰ ਸਮਾਜਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਡੀ. ਸੀ. ਨੂੰ ਲਿਖੇ ਗਏ ਇਕ ਪੱਤਰ ਦਾ ਨੋਟਿਸ ਲੈਂਦੇ ਹੋਏ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਉਕਤ ਕਦਮ ਚੁਕਿਆ ਹੈ।
ਕੀ ਹੈ ਡਾਇਰੈਕਟਰ ਵੱਲੋਂ ਡੀ. ਸੀ. ਕੋਲ ਭੇਜਿਆ ਗਿਆ ਪੱਤਰ?
ਡਾਇਰੈਕਟਰ ਸਮਾਜਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਵੱਲੋਂ ਡੀ. ਸੀ. ਜਲੰਧਰ ਕੋਲ ਪੱਤਰ ਭੇਜ ਕੇ ਜ਼ਿਲਾ ਬਾਲ ਸੁਰੱਖਿਆ ਅਫਸਰ ਜਲੰਧਰ ਗੁਰਪ੍ਰੀਤ ਸਿੰਘ ਦੇ ਕੰਟਰੈਕਟ ਵਿਚ ਵਾਧਾ ਨਾ ਕਰਨ ਸੰਬੰਧੀ ਜੋ ਪੱਤਰ ਭੇਜਿਆ ਗਿਆ ਹੈ, ਉਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਬਾਲ ਸੁਰੱਖਿਆ ਸੋਸਾਇਟੀ ਦੀ ਗਵਰਨਿੰਗ ਬਾਡੀ ਦੀ 6.6.2018 ਨੂੰ ਹੋਈ ਮੀਟਿੰਗ ਦੀ ਕਾਰਵਾਈ ਰਿਪੋਰਟ ਭੇਜ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੇ ਸਟਾਫ ਦੀ ਪਰਫਾਰਮੈਂਸ ਦਾ ਰੀਵਿਊ ਕਰਨ ਤੋਂ ਬਾਅਦ ਕੰਟਰੈਕਟ ਵਿਚ ਵਾਧਾ ਕਰਨ ਦਾ ਅਧਿਕਾਰ ਡੀ. ਸੀ. ਨੂੰ ਸੌਂਪਿਆ ਗਿਆ ਹੈ। ਗੁਰਪ੍ਰੀਤ ਸਿੰਘ ਜਿਸ ਦੀ ਭਰਤੀ ਜ਼ਿਲਾ ਪੱਧਰ 'ਤੇ ਡੀ. ਸੀ. ਦੀ ਪ੍ਰਧਾਨਗੀ ਵਿਚ ਕਠਿਤ ਕਮੇਟੀ ਵੱਲੋਂ ਕੀਤੀ ਗਈ ਸੀ। ਉਸ ਦੇ ਖਿਲਾਫ ਵੱਖ-ਵੱਖ ਸਮੇਂ 'ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਉਸ ਸਬੰਧ ਵਿਚ ਰਿਕਾਰਡ 'ਤੇ ਆਏ ਵੇਰਵਿਆਂ ਅਨੁਸਾਰ ਅਧਿਕਾਰੀ ਦਾ ਕੰਮ ਤਸੱਲੀਬਖਸ਼ ਨਹੀਂ ਹੈ।
ਕੀ ਹੈ ਰਿਕਾਰਡ 'ਚ ਦਿੱਤੀਆਂ ਗਈਆਂ ਸ਼ਿਕਾਇਤਾਂ ਦਾ ਬਿਓਰਾ?
ਡੀ. ਸੀ. ਕੋਲ ਭੇਜੇ ਗਏ ਪੱਤਰ ਵਿਚ ਕੁਲ 6 ਸ਼ਿਕਾਇਤਾਂ ਦਾ ਬਿਓਰਾ ਦਿੱਤਾ ਗਿਆ ਹੈ। ਵੈਸੇ ਤਾਂ ਸਾਰੀਆਂ ਸ਼ਿਕਾਇਤਾਂ ਹੈਰਾਨ ਕਰਨ ਵਾਲੀਆਂ ਹਨ ਅਤੇ ਹਰ ਸ਼ਿਕਾਇਤ ਬੇਹੱਦ ਗੰਭੀਰ ਹੈ। ਦੋ-ਤਿੰਨ ਸ਼ਿਕਾਇਤਾਂ ਇੰਨੀਆਂ ਵੱਡੀਆਂ ਹਨ ਕਿ ਕਿਸੇ ਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇ।
ਰਿਕਾਰਡ 'ਚ ਆਏ ਤੱਥਾਂ ਅਨੁਸਾਰ ਪਹਿਲੀ ਸ਼ਿਕਾਇਤ ਬਾਲ ਭਲਾਈ ਕਮੇਟੀ ਵੱਲੋਂ ਅਸਤੀਫਾ ਦੇਣ ਸੰਬੰਧੀ ਹੈ ਜਿਸ ਵਿਚ ਬਾਲ ਭਲਾਈ ਕਮੇਟੀ ਦੇ 2 ਮੈਂਬਰਾਂ ਵੱਲੋਂ ਗੁਰਪ੍ਰੀਤ ਸਿੰਘ ਦਾ ਵਤੀਰਾ ਠੀਕ ਨਾ ਹੋਣ ਕਾਰਨ ਅਸਤੀਫਾ ਦੇ ਦਿੱਤਾ ਗਿਆ ਸੀ।
ਦੂਜੀ ਸ਼ਿਕਾਇਤ ਲੇਬਰ ਰੇਡ ਦੌਰਾਨ ਮਾਹੌਲ ਖਰਾਬ ਕਰਨ ਸਬੰਧੀ ਸੀ, ਜਿਸ ਵਿਚ ਸ਼ਿਕਾਇਤਕਰਤਾ ਵੱਲੋਂ ਗੁਰਪ੍ਰੀਤ ਸਿੰਘ ਦੇ ਵਿਰੁੱਧ ਦੁਕਾਨਾਂ ਅਤੇ ਲੇਬਰ ਡਿਪਾਰਟਮੈਂਟ ਦੀ ਟੀਮ ਲੈ ਕੇ ਕੈਮਰਿਆਂ ਸਣੇ ਆ ਕੇ ਮਾਹੌਲ ਖਰਾਬ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਬਾਅਦ ਵਿਚ ਆਪਸ 'ਚ ਸਮਝੌਤਾ ਕਰਨ ਤੋਂ ਬਾਅਦ ਲੇਬਰ ਕਮਿਸ਼ਨਰ ਨੇ ਸ਼ਿਕਾਇਤ ਨੂੰ ਦਾਖਲ ਦਫਤਰ ਕਰਨ ਦੀ ਸਿਫਾਰਸ਼ ਕੀਤੀ ਸੀ।
ਤੀਜੀ ਸ਼ਿਕਾਇਤ ਇੰਸਪੈਕਸ਼ਨ ਦੌਰਾਨ ਮਾੜੀ ਸ਼ਬਦਾਵਲੀ ਨੂੰ ਲੈ ਕੇ ਸੀ, ਜਿਸ 'ਚ ਗੁਰਪ੍ਰੀਤ ਸਿੰਘ ਵੱਲੋਂ ਚਿਲਡਰਨ ਹੋਮ ਗਾਂਧੀ ਵਨਿਤਾ ਆਸ਼ਰਮ ਦੀ ਇੰਸਪੈਕਸ਼ਨ ਦੌਰਾਨ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।
ਚੌਥੀ ਸ਼ਿਕਾਇਤ ਗੁਰਪ੍ਰੀਤ ਸਿੰਘ ਦੇ ਖਿਲਾਫ ਹਰਾਸ ਕਰਨ ਸਬੰਧੀ ਸੀ, ਜਿਸ ਦੀ ਪੜਤਾਲ ਜ਼ਿਲਾ ਪੱਧਰ 'ਤੇ ਚੱਲ ਰਹੀ ਹੈ।
ਪੰਜਵੀਂ ਸ਼ਿਕਾਇਤ ਵਿਚ ਵੀ ਚਿਲਡਰਨ ਹੋਮ ਫਾਰ ਗਰਲਜ਼ ਐਂਡ ਵਿਡੋਜ਼ ਹੋਮ ਫਾਰ ਡੈਸਟੀਚਿਊਟ ਵੁਮੈਨ ਦੀ ਇੰਸਪੈਕਸ਼ਨ ਦੌਰਾਨ ਬੱਚਿਆਂ ਵੱਲੋਂ ਮੈਂਬਰ ਸੈਕਰੇਟਰੀ ਪੰਜਾਬ ਸਟੇਟ ਲੀਗਲ ਸੇਵਾਵਾਂ ਅਥਾਰਿਟੀ ਨੂੰ ਕੀਤੀ ਗਈ ਸੀ ਜਿਨ੍ਹਾਂ ਨੇ ਸ਼ਿਕਾਇਤ ਮੁੱਖ ਦਫਤਰ ਨੂੰ ਭੇਜਦੇ ਹੋਏ ਜ਼ਰੂਰੀ ਕਾਰਵਾਈ ਕਰਨ ਲਈ ਲਿਖਿਆ ਸੀ।
ਛੇਵੀਂ ਸ਼ਿਕਾਇਤ ਕਮਿਸ਼ਨਰ ਆਫ ਪੁਲਸ ਜਲੰਧਰ ਵੱਲੋਂ ਕੀਤੀ ਗਈ ਹੈ, ਜਿਸ ਵਿਚ 15 ਸਾਲ ਦੇ ਲੜਕੇ ਲਕਸ਼ ਦੇ ਕੇਸ 'ਚ ਡਿਊਟੀ ਪ੍ਰਤੀ ਕੋਤਾਹੀ ਵਰਤਣ ਦੀ ਸ਼ਿਕਾਇਤ ਸੀ. ਪੀ. ਕੋਲ ਭੇਜੀ ਗਈ ਸੀ।
ਡਾਇਰੈਕਟਰ ਵੱਲੋਂ ਭੇਜੇ ਪੱਤਰ ਦਾ ਪਾਲਣ ਕਰ ਦਿੱਤਾ ਗਿਆ ਹੈ : ਡੀ. ਸੀ.
ਡੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਡਾਇਰੈਕਟਰ ਵੱਲੋਂ ਪੱਤਰ ਲਿਖ ਕੇ ਜ਼ਿਲਾ ਬਾਲ ਸੁਰੱਖਿਆ ਅਫਸਰ ਦੇ ਕੰਟਰੈਕਟ ਵਿਚ ਵਾਧਾ ਨਾ ਕਰਨ ਲਈ ਕਿਹਾ ਗਿਆ ਸੀ, ਜਿਸ ਦੀ ਪਾਲਣਾ ਕਰ ਦਿੱਤੀ ਗਈ ਹੈ।


Related News