ਜ਼ਿਲ੍ਹਾ ਪ੍ਰਸ਼ਾਸਨ 5 ਪ੍ਰਾਈਵੇਟ ਹਸਪਤਾਲਾਂ ਨੂੰ 21 ਵੈਂਟੀਲੇਟਰ ਮੁਫਤ ਮੁਹੱਈਆ ਕਰਵਾਏਗਾ : ਡੀ. ਸੀ.

Thursday, Aug 27, 2020 - 05:21 PM (IST)

ਜ਼ਿਲ੍ਹਾ ਪ੍ਰਸ਼ਾਸਨ 5 ਪ੍ਰਾਈਵੇਟ ਹਸਪਤਾਲਾਂ ਨੂੰ 21 ਵੈਂਟੀਲੇਟਰ ਮੁਫਤ ਮੁਹੱਈਆ ਕਰਵਾਏਗਾ : ਡੀ. ਸੀ.

ਜਲੰਧਰ (ਚੋਪੜਾ) – ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਮਰੀਜ਼ਾਂ ਨੂੰ ਬਿਹਤਰੀਨ ਇਲਾਜ ਮੁਹੱਈਆ ਕਰਵਾਉਣ ਲਈ 5 ਪ੍ਰਾਈਵੇਟ ਹਸਪਤਾਲਾਂ ਜਿਨ੍ਹਾਂ ਵਿਚ ਇਨੋਸੈਂਟ ਹਾਰਟ ਮਲਟੀਸਪੈਸ਼ਲਿਟੀ ਹਸਪਤਾਲ, ਸ਼੍ਰੀਮਨ ਮਲਟੀਸਪੈਸ਼ਲਿਟੀ ਹਸਪਤਾਲ, ਮਾਨ ਮੈਡੀਸਿਟੀ ਅਤੇ ਕਾਰਡੀਓਨੋਵਾ ਹਸਪਤਾਲ ਅਤੇ ਕੈਪੀਟੋਲ ਹਸਪਤਾਲ ਸ਼ਾਮਲ ਹਨ, ਨੂੰ 21 ਇਨਵੇਸਿਵ ਵੈਂਟੀਲੇਟਰ ਮੁਫਤ ਦੇਵੇਗਾ। ਵਰਣਨਯੋਗ ਹੈ ਕਿ ਇਨ੍ਹਾਂ ਹਸਪਤਾਲਾਂ ਨੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨਾਲ ਸੰਪਰਕ ਕਰ ਕੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵੈਂਟੀਲੇਟਰ ਦੇਣ ਦੀ ਮੰਗ ਕੀਤੀ ਹੈ।

ਡੀ. ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਵੈਂਟੀਲੇਟਰ ਇਨੋਸੈਂਟ ਹਾਰਟ ਮਲਟੀਸਪੈਸ਼ਲਿਟੀ ਹਸਪਤਾਲ, 4 ਸ਼੍ਰੀਮਨ ਹਸਪਤਾਲ, 9 ਮਾਨ ਮੈਡੀਸਿਟੀ ਅਤੇ ਕਾਰਡੀਓਨੋਵਾ ਹਸਪਤਾਲ ਅਤੇ 6 ਵੈਂਟੀਲੇਟਰ ਕੈਪੀਟੋਲ ਹਸਪਤਾਲ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿਚ ਲੈਵਲ-3 ਲਈ ਲਗਭਗ 77 ਬੈੱਡ ਅਤੇ ਲੈਵਲ-2 ਦੇ ਮਰੀਜ਼ਾਂ ਲਈ 78 ਬੈੱਡ ਹਨ। ਪ੍ਰਾਈੇਵੇਟ ਹਸਪਤਾਲ ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਅਤੇ ਐਮਰਜੈਂਸੀ ਵਿਚ ਇਨ੍ਹਾਂ ਵੈਂਟੀਲੇਟਰਾਂ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਨ੍ਹਾਂ ਉਪਕਰਨਾਂ ਨੂੰ ਚਲਾਉਣ ਵਾਲੇ ਮਾਹਿਰਾਂ ਦੀ ਉਪਲੱਬਧਤਾ ਯਕੀਨੀ ਬਣਾਉਣੀ ਹੋਵੇਗੀ। ਪ੍ਰਾਈਵੇਟ ਹਸਪਤਾਲ ਵੈਂਟੀਲੇਟਰ ਦੀ ਜ਼ਰੂਰਤ ਲਈ ਡੀ. ਸੀ. ਦਫਤਰ ਨਾਲ ਸੰਪਰਕ ਕਰ ਸਕਦੇ ਹਨ, ਜਿਸ ਤੋਂ ਬਾਅਦ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਵੈਂਟੀਲੇਟਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿਸ਼ਨ ਫਤਿਹ ਤਹਿਤ ਸੂਬੇ ਵਿਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ। ਜ਼ਿਲਾ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਗੁਲਾਬ ਦੇਵੀ ਹਸਪਤਾਲ ਨੂੰ 6 ਵੈਂਟੀਲੇਟਰ ਦਿੱਤੇ ਸਨ।


author

Harinder Kaur

Content Editor

Related News