ਜ਼ਿਲਾ ਪ੍ਰਸ਼ਾਸਨ ਨੇ ਮਠਿਆਈਆਂ ਵਾਲੀਆਂ ਦੁਕਾਨਾਂ ’ਤੇ ਕੱਸਿਆ ਸਿਕੰਜਾ

07/03/2018 1:12:51 AM

ਗੁਰਦਾਸਪੁਰ,   (ਵਿਨੋਦ)-  ਜ਼ਿਲਾ ਪ੍ਰਸ਼ਾਸਨ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਤੇ ਦੀਨਾਨਗਰ ਦੀਆਂ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਵਿਜੇ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਗੁਰਦਾਸਪੁਰ ਤੇ ਦੀਨਾਨਗਰ ਦੀਅਾਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਵੱਖ-ਵੱਖ ਮਠਿਆਈਆਂ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਵਿਚ ਸਫਾਈ ਦੀ ਬਹੁਤ ਘਾਟ ਵੇਖਣ ਨੂੰ ਮਿਲੀ ਅਤੇ ਮਠਿਆਈ ਬਣਾ ਰਹੇ ਕਾਰੀਗਰ ਤੇ ਵਰਤੇ ਜਾ ਰਹੇ ਸਮਾਨ ਵਿਚ ਕਾਫੀ ਊਣਤਾਈਆਂ ਵੇਖਣ ਨੂੰ ਮਿਲੀਆਂ। ਉਨ੍ਹਾਂ ਅੱਗੇ ਦੱਸਿਆ ਕਿ ਖੋਏ, ਦੁੱਧ ਤੇ ਘਿਓ ਆਦਿ ਦੇ ਮਠਿਆਈਆਂ ਦੇ 11 ਸੈਂਪਲ ਭਰ ਲਏ ਗਏ ਹਨ ਤੇ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਇਕ ਗੁਰਦਾਸਪੁਰ ਦੀ ਦੁਕਾਨ ’ਚ ਇਕ ਦੇਸੀ ਘਿਓ ਦਾ ਪੀਪਾ ਵੀ ਨਸ਼ਟ ਕੀਤਾ ਗਿਆ, ਜਿਸ ਵਿਚ ਮਿਲਾਵਟੀ ਪਦਾਰਥ ਪਾਇਆ ਹੋਇਆ ਸੀ ਉਸ ਵਿਚ ਮੱਖੀਆਂ ਤੇ ਮੱਛਰ  ਸਨ। ਇਸੇ ਤਰ੍ਹਾਂ ਦੁੱਧ ਵੀ ਗੈਰ ਮਿਆਰੀ ਪਾਇਆ ਗਿਆ, ਉਸ ਵਿਚ ਪਾਣੀ ਮਿਕਸ ਕੀਤਾ ਹੋਇਆ ਸੀ। ਕਾਰੀਗਰਾਂ ਦੇ ਕੱਪਡ਼ੇ ਗੰਦੇ ਸਨ। ਉਨ੍ਹਾਂ ਦੱਸਿਆ ਕਿ ਇਹੀ ਹਾਲ ਦੀਨਾਨਗਰ  ਦੀ ਦੁਕਾਨ ਸੀ ਓਥੇ ਵੀ ਗੰਦਗੀ ਤੇ ਗੈਰ ਮਿਆਰੀ ਤਰੀਕੇ ਨਾਲ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਰਸਗੁੱਲਿਆਂ ਵਿਚ ਮੱਖੀਆਂ ਤੇ ਮੱਛਰ ਪਾਏ ਗਏ ਤੇ ਸਫਾਈ ਦਾ ਬੁਰਾ ਹਾਲ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਦੁੱਧ ਵਾਲੀਆਂ ਡੇਅਰੀਆਂ ਅਤੇ ਮਠਿਆਈਆਂ ਦੀ ਦੁਕਾਨਾਂ ਆਦਿ ਦੀ ਲਗਾਤਾਰ ਚੈਕਿੰਗ ਦਾ ਸਿਲਸਿਲਾ ਜਾਰੀ ਰਹੀ ਹੈ ਅਤੇ ਕਿਸੇ ਨੂੰ ਵੀ ਮਨੁੱਖੀ ਜੀਵਨ ਨਾਲ ਖਿਲਵਾਡ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਰਮਨ ਕੋਛਡ਼ ਸਹਾਇਕ ਕਮਿਸ਼ਨਰ (ਜਨਰਲ), ਡਾ. ਸੁਧੀਰ ਕੁਮਾਰ ਜ਼ਿਲਾ ਸਿਹਤ ਅਫਸਰ, ਦੋ ਫੂਡ ਸੇਫਟੀ ਅਫਸਰ ਸਮੇਤ ਵੱਖ-ਵੱਖ ਅਧਿਕਾਰੀ ਮੌਜੂਦ ਸਨ।
 


Related News