ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਅਧੀਨ 45 ਕਰੋੜ ਰੁਪਏ ਦੀ ਵੰਡ

Monday, Aug 29, 2022 - 10:49 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਨਿਰਦੇਸ਼ਾਂ ਹੇਠ ਉਸਾਰੀ ਕਿਰਤੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਸਾਰੀ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਸਬੰਧੀ ਵੱਖ-ਵੱਖ ਸਕੀਮਾਂ ਅਧੀਨ ਮੌਜੂਦਾ ਸਰਕਾਰ ਬਣਨ ਉਪਰੰਤ 45 ਕਰੋੜ ਦੀ ਰਾਸ਼ੀ ਦੀ ਵੰਡ ਕੀਤੀ ਗਈ ਹੈ।

ਇਹ ਵੀ ਪੜ੍ਹੋ : ਖੇਡ ਮੇਲੇ ਦੌਰਾਨ CM ਮਾਨ ਦਾ ਬਿਆਨ, ਕਿਹਾ- ਖਿਡਾਰੀਆਂ ਨੂੰ ਮਿਲੇਗਾ ਪਲੇਟਫਾਰਮ

ਵਧੇਰੇ ਜਾਣਕਾਰੀ ਦਿੰਦਿਆਂ ਕਿਰਤ ਵਿਭਾਗ ਦੇ ਬੁਲਾਰੇ  ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਕਈ ਸਕੀਮਾਂ  ਚਲਾਈਆਂ ਜਾ ਰਹੀਆਂ ਹਨ। ਜਿਸ ਵਿਅਕਤੀ ਦੀ ਉਮਰ 18-60 ਸਾਲ ਦੇ ਵਿੱਚ ਹੋਵੇ ਤੇ ਉਸ ਨੇ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਜਾਂ ਇਸ ਤੋਂ ਵੱਧ ਬਤੌਰ ਉਸਾਰੀ ਕਿਰਤੀ ਵਜੋਂ ਕੰਮ ਕੀਤਾ ਹੋਵੇ, ਉਹ ਲਾਭਪਾਤਰੀ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਜ ਮਿਸਤਰੀ, ਇੱਟਾਂ-ਸੀਮੈਂਟ ਫੜਾਉਣ ਵਾਲਾ ਮਜ਼ਦੂਰ, ਪੇਂਟਰ, ਇਲੈਕਟ੍ਰੀਸ਼ੀਅਨ, ਵੈਲਡਰ, ਕਾਰਪੇਂਟਰ, ਪਲੰਬਰ, ਪੱਥਰ ਰਗੜਾਈ ਕਰਨ ਵਾਲਾ, ਸ਼ੀਸ਼ੇ ਲਗਾਉਣ ਵਾਲਾ, ਪੀ.ਓ.ਪੀ. ਆਦਿ ਉਸਾਰੀ ਦਾ ਕੰਮ ਕਰਨ ਵਾਲਾ ਕਿਰਤੀ ਬੋਰਡ ਦਾ ਲਾਭਪਾਤਰੀ ਬਣ ਸਕਦਾ ਹੈ।

ਇਹ ਵੀ ਪੜ੍ਹੋ : ਸਮਾਰਟ ਸਿਟੀ ਦੇ 'ਬਰਲਟਨ ਪਾਰਕ ਸਪੋਰਟਸ ਹੱਬ' ਪ੍ਰਾਜੈਕਟ ਦਾ ਬੋਰੀਆ ਬਿਸਤਰ ਗੋਲ ਹੋਣ ਦੀ ਸੰਭਾਵਨਾ

ਉਨ੍ਹਾਂ ਕਿਹਾ ਕਿ ਲਾਭਪਾਤਰੀ ਉਸਾਰੀ ਕਿਰਤੀ ਦੀਆਂ 2 ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਅਧੀਨ 65 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਐਨਕਾਂ ਲਈ 800 ਰੁਪਏ, ਦੰਦਾਂ ਲਈ 5 ਹਜ਼ਾਰ ਰੁਪਏ ਤੇ ਸੁਣਨ ਵਾਲੀ ਮਸ਼ੀਨ ਲਈ 6 ਹਜ਼ਾਰ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਵਾਸਤੇ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਇਨਡੋਰ ਇਲਾਜ ਦੇ ਖਰਚੇ ਲਈ 1 ਲੱਖ ਰੁਪਏ ਤੱਕ ਦੀ ਪ੍ਰਤੀ ਪੂਰਤੀ ਕੀਤੀ ਜਾ ਸਕਦੀ ਹੈ। ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21 ਹਜ਼ਾਰ ਰੁਪਏ ਤੇ ਪੁਰਸ਼ ਕਿਰਤੀ ਨੂੰ 5 ਹਜ਼ਾਰ ਰੁਪਏ ਪ੍ਰਤੀ ਬੱਚਾ ਵੱਧ ਤੋਂ ਵੱਧ 2 ਬੱਚਿਆਂ ਲਈ ਦਾ ਲਾਭ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮਾਨਸਾ: 4 ਥਾਣਿਆਂ ਦੇ SHO ਇਧਰੋਂ-ਓਧਰ, ਬੂਟਾ ਸਿੰਘ ਥਾਣਾ ਸਿਟੀ 'ਚ ਨਿਯੁਕਤ

ਉਨ੍ਹਾਂ ਕਿਹਾ ਕਿ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਆਯੂਸ਼ਮਾਨ ਯੋਜਨਾ ਅਧੀਨ ਰਜਿਸਟਰ ਕਰਨ ਉਪਰੰਤ 5 ਲੱਖ ਰੁਪਏ ਦਾ ਇਲਾਜ ਪ੍ਰਤੀ ਪਰਿਵਾਰ ਮਿਲ ਸਕਦਾ ਹੈ। ਇਸ ਮੰਤਵ ਲਈ ਆਨਲਾਈਨ ਅਰਜ਼ੀ ਨੇੜੇ ਦੇ ਸੇਵਾ ਕੇਂਦਰ ਵਿਖੇ ਇਕ ਵਾਰ ਸਮੇਤ ਰਜਿਸਟ੍ਰੇਸ਼ਨ ਫੀਸ ਵਜੋਂ 25 ਅਤੇ 10 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਕ ਤੋਂ 3 ਸਾਲ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹਲਕੇ ਦੇ ਨਜ਼ਦੀਕੀ ਸੇਵਾ ਕੇਂਦਰ, ਸਹਾਇਕ ਕਿਰਤ ਕਮਿਸ਼ਨਰ ਜਾਂ ਇੰਸਪੈਕਟਰ, ਲੇਬਰ ਇਨਫੋਰਸਮੈਂਟ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News