ਸ਼੍ਰੀ ਰਾਮਾਇਣ ਦੀ ਬੇਅਦਬੀ, ਅਣਪਛਾਤਿਆਂ ''ਤੇ ਕੇਸ ਦਰਜ
Thursday, Aug 24, 2017 - 06:43 AM (IST)
ਅੰਮ੍ਰਿਤਸਰ, (ਸੰਜੀਵ)- ਪਿੰਡ ਵੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ 'ਚ ਰੱਖੀ ਗਈ ਸ਼੍ਰੀ ਰਾਮਾਇਣ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ 'ਤੇ ਸਮੂਹ ਹਿੰਦੂ ਅਤੇ ਵਾਲਮੀਕਿ ਸਮਾਜ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਸ ਘਟਨਾ ਤੋਂ ਬਾਅਦ ਐੱਸ. ਪੀ. ਸਿਟੀ-1 ਅਤੇ ਏ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਭਗਵਾਨ ਵਾਲਮੀਕਿ ਜਨਸ਼ਕਤੀ ਸੇਵਾ ਸੁਸਾਇਟੀ ਦੇ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਮੰਦਰ ਦਾ ਮੁੱਖ ਦਰਵਾਜ਼ਾ ਬੰਦ ਕਰ ਕੇ ਘਰ ਚਲੇ ਗਏ ਸਨ, ਤੜਕੇ 4:30 ਵਜੇ ਦੇ ਕਰੀਬ ਜਦੋਂ ਮੰਦਰ ਦਾ ਸੇਵਾਦਾਰ ਮੰਗਾ ਸਫਾਈ ਲਈ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਬੀੜ ਸਾਹਿਬ 'ਤੇ ਰੱਖੀ ਸ਼੍ਰੀ ਰਾਮਾਇਣ ਦੇ ਅੰਗ ਫਟੇ ਹੋਏ ਅਤੇ ਖਿਲਰੇ ਪਏ ਸਨ। ਮੰਦਰ ਦੀ ਗੋਲਕ 'ਚੋਂ ਨਕਦੀ ਵੀ ਗਾਇਬ ਸੀ, ਜਿਸ 'ਤੇ ਤੁਰੰਤ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਵਾਲਮੀਕਿ ਸੰਘਰਸ਼ ਦਲ ਮਾਝਾ ਜ਼ੋਨ ਦੇ ਮਨਜੀਤ ਸਿੰਘ ਸੈਣੀ, ਕੁਲਦੀਪ ਸਿੰਘ ਤੇ ਹੋਰ ਮੈਂਬਰ ਇਕੱਠੇ ਹੋਏ ਅਤੇ ਐੱਸ. ਪੀ. ਸਿਟੀ-1 ਨੂੰ 10 ਦਿਨਾਂ 'ਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਨਾ ਫੜਿਆ ਗਿਆ ਤਾਂ ਸਮੂਹ ਵਾਲਮੀਕਿ ਸਮਾਜ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਵੇਗਾ। ਇਸ ਸਬੰਧੀ ਏ. ਡੀ. ਸੀ. ਪੀ.-1 ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ 'ਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਬਹੁਤ ਛੇਤੀ ਮਾਮਲੇ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
