ਸਰਕਾਰੀ ਡਿਸਪੈਂਸਰੀਆਂ ''ਚ ਸਿਹਤ ਸਹੂਲਤਾਂ ਜ਼ੀਰੋ!

Saturday, Mar 24, 2018 - 02:10 PM (IST)

ਲਾਡੋਵਾਲ (ਰਵੀ) : ਸਰਕਾਰਾਂ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸਹੀ ਤਰੀਕੇ ਨਾਲ ਪ੍ਰਦਾਨ ਕਰਨ ਲਈ ਵਚਨਬੱਧ ਹਨ ਪਰ ਦੇਖਣ ਵਿਚ ਆਇਆ ਹੈ ਬੇਟ ਏਰੀਆ ਲਾਡੋਵਾਲ ਦੀਆਂ ਅੱਧੀ ਦਰਜਨ ਦੇ ਕਰੀਬ ਸਰਕਾਰੀ ਡਿਸਪੈਂਸਰੀਆਂ ਸਿਰਫ ਸਫੈਦ ਹਾਥੀ ਬਣ ਕੇ ਰਹਿ ਗਈਆਂ ਹਨ। 
ਪਿੰਡ ਨੂਰਪੁਰ ਬੇਟ, ਬੱਗਾ ਖੁਰਦ, ਜੱਸੀਆਂ, ਭੱਟੀਆਂ ਬੇਟ ਆਦਿ ਪਿੰਡਾਂ ਵਿਚ ਬਣੀਆਂ ਸਰਕਾਰੀ ਡਿਸਪੈਂਸਰੀਆਂ ਵਿਚ ਨਾਮਾਤਰ ਹੀ ਮਰੀਜ਼ ਆਉਂਦੇ ਹਨ, ਜਿੱਥੇ ਡਾਕਟਰ ਸਿਰਫ ਆਪਣੀ ਦਿਹਾੜੀ ਪੂਰੀ ਕਰ ਕੇ ਚਲੇ ਜਾਂਦੇ ਹਨ। ਉਨ੍ਹਾਂ ਡਿਸਪੈਂਸਰੀਆਂ 'ਚੋਂ ਸਿਰਫ ਇਕ ਹੀ ਡਿਸਪੈਂਸਰੀ ਲਾਡੋਵਾਲ ਦੀ ਚੰਗੀ ਤਰ੍ਹਾਂ ਚਲਦੀ ਹੈ, ਜਿੱਥੇ ਰੋਜ਼ਾਨਾ 100 ਤੋਂ ਵੱਧ ਮਰੀਜ਼ ਦੂਰ-ਨੇੜਿਓਂ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਇੱਥੇ 21 ਤਰ੍ਹਾਂ ਦੇ ਟੈਸਟ ਬਿਲਕੁਲ ਫ੍ਰੀ ਕੀਤੇ ਜਾਂਦੇ ਹਨ ਅਤੇ ਮਹੀਨੇ ਵਿਚ 35-40 ਦੇ ਕਰੀਬ ਡਲਿਵਰੀ ਕੇਸ ਆ ਜਾਂਦੇ ਹਨ ਪਰ ਇੱਥੇ ਜ਼ਰੂਰੀ ਦਵਾਈਆਂ ਪੂਰੀਆਂ ਨਾ ਹੋਣ ਕਾਰਨ ਮਰੀਜ਼ਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਸਪੈਂਸਰੀ ਵਿਚ ਜ਼ਰੂਰੀ ਦਵਾਈਆਂ ਨਾ ਹੋਣ ਕਾਰਨ ਡਾਕਟਰਾਂ ਨੂੰ ਮਜਬੂਰਨ ਬਾਹਰੋਂ ਦਵਾਈ ਲਿਖ ਕੇ ਦੇਣੀ ਪੈਂਦੀ ਹੈ। ਲੋਕਾਂ ਦਾ ਕਹਿਣਾ ਹੈ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰ ਰਹੀ। ਇਲਾਕੇ ਦੇ ਲੋਕਾਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ। ਪੀ. ਐੱਚ. ਸੀ. ਲਾਡੋਵਾਲ ਵਿਚ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕ ਬਾਹਰ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬੱਚ ਸਕਣ।


Related News