ਬਠਿੰਡਾ ਦੇ ਪਿੰਡ 'ਚ ਕਿਸਾਨਾਂ ਨੇ ਕੀਤਾ ਪੁਲਸ ਤੇ ਪ੍ਰਸ਼ਾਸਨ ਦਾ ਵਿਰੋਧ
Saturday, May 17, 2025 - 10:20 AM (IST)

ਚਾਉਕੇ (ਸ਼ੇਖਰ) : ਜਿਉਂਦ ਪਿੰਡ ਜ਼ਿਲ੍ਹਾ ਬਠਿੰਡਾ ਦਾ ਇਕਲੌਤਾ ਅਜਿਹਾ ਪਿੰਡ ਹੈ, ਜਿਸ ਦੀ ਮੁਰੱਬਾਬੰਦੀ ਅੱਜ ਤੱਕ ਨਹੀਂ ਹੋਈ ਹੈ। ਕੁੱਝ ਸਮਾਂ ਪਹਿਲਾਂ ਹੋਏ ਅਦਾਲਤੀ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਪਿੰਡ ਦੀ ਮੁਰੱਬਾਬੰਦੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਿੰਡ ਵਾਸੀਆਂ ਅਤੇ ਕਾਸ਼ਤਕਾਰ ਮੁਜਾਰੇ ਕਿਸਾਨਾਂ-ਮਜ਼ਦੂਰਾਂ ਦੇ ਵਿਰੋਧ ਕਾਰਨ ਇਹ ਸਿਰੇ ਨਹੀਂ ਚੜ੍ਹ ਰਹੀ। ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀ ਪੂਨਮ ਸਿੰਘ ਏ. ਡੀ. ਸੀ. ਬਠਿੰਡਾ , ਐੱਸ. ਡੀ. ਐੱਮ. ਫੂਲ ਸੁਖਰਾਜ ਸਿੰਘ, ਤਹਿਸੀਲਦਾਰ ਫੂਲ ਰਮਨਦੀਪ ਕੌਰ ਅਤੇ ਡੀ. ਐੱਸ. ਪੀ. ਫੂਲ ਦੀ ਵੱਡੀ ਪੁਲਸ ਨਫ਼ਰੀ ਹੇਠ ਡਰੋਨ ਰਾਹੀਂ ਜਿਉਂਦ ਪਿੰਡ ਦੀ ਮੁਰੱਬੇਬੰਦੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।
ਉਕਤ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਭਾਰੀ ਕਸ਼ਮਕਸ਼ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰੋਨ ਰਾਹੀਂ ਇੰਟਰਨੈੱਟ ਜ਼ਰੀਏ ਕੀਤੀ ਜਾ ਰਹੀ ਮੁਰੱਬੇਬੰਦੀ ਪ੍ਰਸ਼ਾਸਨ ਨੂੰ ਠੱਪ ਕਰਨੀ ਪਈ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਮੁੱਖ ਆਗੂਆਂ ਵਿੱਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਜੱਗਾ ਸਿੰਘ, ਗੁਲਾਬ ਸਿੰਘ ਜਿਉਂਦ, ਬੂਟਾ ਸਿੰਘ ਆਦਿ ਸ਼ਾਮਲ ਸਨ।
ਜੇਠੂਕੇ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਕਾਰਨ ਕਿਸਾਨ ਪੱਖੀ ਹੱਲ ਹੋਣ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਸੰਵਿਧਾਨਕ ਤੌਰ 'ਤੇ ਮਾਲਕੀ ਦੇ ਹੱਕਦਾਰ ਕਾਸ਼ਤਕਾਰ ਮੁਜ਼ਾਰੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ 'ਤੇ ਧੱਕੇਸ਼ਾਹੀ ਨਾਲ ਕਬਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਜਿਉਂਦ ਪਿੰਡ ਸਮੇਤ ਮਾਲਵੇ ਦੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ 'ਤੇ ਲਗਾਤਾਰ ਪਹਿਰੇਦਾਰੀ ਕਰਨ ਲਈ ਕਮਰਕੱਸੇ ਕੱਸਣ ਦਾ ਸੱਦਾ ਦਿੱਤਾ।