ਵਿਦਿਆਰਥੀਆਂ ਨੇ ਚੌਂਕਾਂ ''ਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

Monday, May 26, 2025 - 05:24 PM (IST)

ਵਿਦਿਆਰਥੀਆਂ ਨੇ ਚੌਂਕਾਂ ''ਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਬੁਢਲਾਡਾ (ਬਾਂਸਲ) : ਅੱਜ ਸਥਾਨਕ ਸ਼ਹਿਰ ਦੇ ਵੱਖ-ਵੱਖ ਚੌਂਕਾਂ 'ਚ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਵੇਕਲੇ ਢੰਗ ਨਾਲ ਮੁਹਿੰਮ ਚਲਾਈ ਗਈ। ਸਥਾਨਕ ਸ਼ਹਿਰ ਦੇ ਡੀ. ਏ. ਵੀ. ਪਬਲਿਕ ਸਕੂਲ ਦੇ ਬੱਚਿਆਂ ਨੇ ਅੱਜ ਵੱਖ-ਵੱਖ ਸ਼ਹਿਰ ਦੇ ਨਾਕਿਆਂ 'ਤੇ ਖੜ੍ਹੇ ਹੋ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣੂੰ ਕਰਵਾਇਆ ਅਤੇ ਉਲੰਘਣਾ ਕਰਨ 'ਤੇ ਹੋਣ ਵਾਲੇ ਨੁਕਸਾਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਮੌਕੇ ਬੱਚਿਆਂ ਨੇ ਕਿਹਾ ਕਿ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਨਿਯਮ ਸਾਡੀ ਭਲਾਈ ਲਈ ਹਨ, ਜਦੋਂ ਅਸੀਂ ਇਨ੍ਹਾਂ ਦੀ ਉਲੰਘਣਾ ਕਰਦੇ ਹਾਂ ਤਾਂ ਦੁਰਘਟਨਾ ਦਾ ਸ਼ਿਕਾਰ ਹੋ ਕੇ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਰਸਤੇ ਵਿੱਚ ਲੰਘ ਰਹੇ ਵ੍ਹੀਕਲ ਚਾਲਕਾਂ ਨੂੰ ਨਿਯਮਾਂ ਸਬੰਧੀ ਦੱਸਿਆ ਅਤੇ ਕਿਹਾ ਕਿ ਤੁਹਾਡਾ ਪਰਿਵਾਰ ਅਤੇ ਤੁਹਾਡੇ ਬੱਚੇ ਤੁਹਾਡੀ ਉਡੀਕ ਕਰ ਰਹੇ ਹਨ, ਤੁਸੀਂ ਉਨ੍ਹਾਂ ਦੀ ਜ਼ਿਦਗੀ ਲਈ ਬਹੁਤ ਜ਼ਰੂਰੀ ਹੋ। 
ਇਸ ਮੌਕੇ ਟ੍ਰੈਫਿਕ ਦੇ ਜ਼ਿਲ੍ਹਾ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਅਤੇ ਐੱਸ. ਐੱਸ. ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਸਮੇਂ-ਸਮੇਂ ਸਿਰ ਜਾਣੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਨਿਵੇਕਲੇ ਢੰਗ ਨਾਲ ਸਕੂਲੀ ਬੱਚਿਆਂ ਨੂੰ ਚੌਂਕਾਂ ਦੇ ਵਿੱਚ ਖੜ੍ਹੇ ਕਰਕੇ ਟ੍ਰੈਫਿਕ ਪ੍ਰਤੀ ਆਮ ਜਨਤਾ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ ਕਿ ਬੱਚਿਆਂ ਰਾਹੀਂ ਟ੍ਰੈਫਿਕ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹੀ ਬੱਚੇ ਹੁਣ ਆਪਣੇ ਘਰ ਮੁਹੱਲੇ ਵਿੱਚ ਆਪਣੇ ਮਾਪੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਇਹੀ ਬੱਚੇ ਸਾਡੇ ਭਵਿੱਖ ਹਨ। ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਤਰਾਸ਼ਿਆ ਜਾਵੇਗਾ, ਉਹ ਉਸੇ ਤਰ੍ਹਾ ਅੱਗੇ ਜਾ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ 'ਚ ਦੁਰਘਟਨਾਵਾਂ ਦੇ ਅੰਕੜੇ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


author

Babita

Content Editor

Related News