ਬਠਿੰਡਾ ਜ਼ਿਲ੍ਹੇ ''ਚ ''ਲੂ'' ਤੋਂ ਬਚਣ ਲਈ ਐਡਵਾਈਜ਼ਰੀ ਜਾਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Saturday, May 17, 2025 - 03:26 PM (IST)

ਬਠਿੰਡਾ (ਵਰਮਾ) : ਵੱਧ ਰਹੀ ਗਰਮੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ 'ਲੂ' ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਖਾਂ ਦੇ ਸਾਹਮਣੇ ਹਨ੍ਹੇਰਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਅਤੇ ਘਬਰਾਹਟ, ਹਲਕਾ ਜਾਂ ਤੇਜ਼ ਬੁਖ਼ਾਰ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਅਤੇ ਉਲਟੀਆਂ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਮਾਸ਼ ਪੇਸ਼ੀਆਂ ਵਿੱਚ ਦਰਦ ਆਦਿ 'ਲੂ' ਲੱਗਣ ਦੇ ਲੱਛਣ ਹਨ।
ਜੇਕਰ ਅਜਿਹੇ ਲੱਛਣ ਨਜ਼ਰ ਆਉਣ ਤਾਂ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਵਿਅਕਤੀ ਦੇ ਕੱਪੜੇ ਢਿੱਲੇ ਕਰੋ, ਪੀਣ ਲਈ ਕੁੱਝ ਤਰਲ ਪਦਾਰਥ ਦਿਓ, ਠੰਡੇ ਪਾਣੀ ਦੀਆਂ ਪੱਟੀਆਂ ਕਰੋ, ਠੰਡੇ ਪਾਣੀ ਨਾਲ ਭਰੇ ਬਾਥਟੱਬ ਵਿੱਚ ਮਰੀਜ਼ ਨੂੰ ਲਿਟਾਓ। ਓ. ਆਰ. ਐੱਸ. ਦਾ ਘੋਲ ਬਣਾ ਕੇ ਪਿਲਾਓ। ਉਨ੍ਹਾਂ ਦੱਸਿਆ ਕਿ ਜੇਕਰ ਬੁਖ਼ਾਰ 104-105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋ ਜਾਵੇ, ਸਰੀਰ ਦੇ ਗਰਮ ਹੋਣ 'ਤੇ ਪਸੀਨਾ ਆਉਣਾ ਬੰਦ ਹੋ ਜਾਵੇ, ਚਮੜੀ ਰੁੱਖੀ-ਰੁੱਖੀ ਹੋ ਜਾਵੇ, ਮਰੀਜ਼ ਬੇਹੋਸ਼ ਹੋ ਜਾਵੇ, ਜ਼ਿਆਦਾ ਘਬਰਾਹਟ ਹੋਵੇ ਤਾਂ ਤੁਰੰਤ ਸਿਹਤ ਸੰਸਥਾ ਵਿਖੇ ਮਾਹਿਰ ਡਾਕਟਰ ਨੂੰ ਦਿਖਾਓ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ ਤੇ ਕੁੱਝ ਵਿਸ਼ੇਸ਼ ਦਵਾਈਆਂ ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾਲੀਆਂ ’ਤੇ ਅਸਰ ਪੈਂਦਾ ਹੈ, ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਲੂ' ਦੇ ਪ੍ਰਕੋਪ ਤੋਂ ਬਚਣ ਲਈ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਸੂਤੀ ਹਲਕੇ ਅਤੇ ਆਰਾਮਦਾਇਕ ਕੱਪੜੇ ਪਾਓ ਅਤੇ ਸਿਰ ਨੂੰ ਢੱਕ ਕੇ ਰੱਖੋ, ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ, ਓ. ਆਰ. ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕਰੋ। ਉਨ੍ਹਾਂ ਕਿਹਾ ਕਿ ਗਰਮੀ ਵਿੱਚ ਜਾਣ ਸਮੇਂ ਖ਼ਾਲੀ ਪੇਟ ਘਰੋਂ ਬਾਹਰ ਨਾ ਨਿਕਲੋ, ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ, ਕੂਲਰ ਜਾਂ ਏ. ਸੀ. ਵਾਲੇ ਕਮਰੇ ਵਿੱਚੋਂ ਇੱਕ ਦਮ ਧੁੱਪ ਵਿੱਚ ਨਾ ਨਿਕਲੋ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਲੂ' ਤੋਂ ਬਚਣ ਲਈ ਸਾਵਧਾਨੀਆਂ ਅਮਲ ਵਿੱਚ ਲਿਆਓ ਅਤੇ ਜ਼ਿਆਦਾ ਸਮਾਂ ਘਰ ਵਿੱਚ ਰਹੋ, ਸੁਰੱਖਿਅਤ ਤੇ ਸਵੱਸਥ ਰਹੋ।