ਸਰਕਾਰੀ ਰਿਕਾਰਡ ''ਤੇ ਜਾਅਲੀ ਦਸਤਖ਼ਤ ਕਰਨ ਵਾਲਾ ਪਟਵਾਰੀ ਬਰਖ਼ਾਸਤ

Thursday, Mar 15, 2018 - 07:12 AM (IST)

ਸਰਕਾਰੀ ਰਿਕਾਰਡ ''ਤੇ ਜਾਅਲੀ ਦਸਤਖ਼ਤ ਕਰਨ ਵਾਲਾ ਪਟਵਾਰੀ ਬਰਖ਼ਾਸਤ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਜ਼ਿਲਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਘਣਸ਼ਿਆਮ ਥੋਰੀ ਨੇ ਪਟਵਾਰੀ ਪਰਮਿੰਦਰ ਸਿੰਘ ਨੂੰ ਸਰਕਾਰੀ ਸੇਵਾਵਾਂ ਤੋਂ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਪਟਵਾਰੀ ਪਰਮਿੰਦਰ ਸਿੰਘ ਖਿਲਾਫ਼ ਪਿੰਡ ਪੱਖੋਂ ਕਲਾਂ ਦੇ ਸਰਪੰਚ ਅਤੇ ਪੱਖੋਂ ਕਲਾਂ ਤੇ ਰੂੜਾ ਖੁਰਦ ਦੇ ਵਸਨੀਕਾਂ ਨੇ 20-12-2016 ਨੂੰ ਸਮੂਹਿਕ ਤੌਰ 'ਤੇ ਦਰਖ਼ਾਸਤ ਦਿੱਤੀ ਸੀ ਕਿ ਉਨ੍ਹਾਂ ਦੇ ਹਲਕੇ ਦੇ ਪਟਵਾਰੀ ਵੱਲੋਂ 60-70 ਇੰਤਕਾਲ ਗਲਤ ਦਰਜ ਕੀਤੇ ਗਏ ਹਨ । ਦਰਖ਼ਾਸਤ 'ਚ ਇਹ ਵੀ ਇਲਜ਼ਾਮ ਸੀ ਕਿ ਪਟਵਾਰੀ ਪਰਮਿੰਦਰ ਸਿੰਘ ਵੱਲੋਂ ਕਈ ਇੰਤਕਾਲ ਦਰਜ ਹੀ ਨਹੀਂ ਕੀਤੇ ਗਏ। ਜ਼ਿਲਾ ਕੁਲੈਕਟਰ ਨੇ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਤਪਾ ਨੂੰ ਮਾਲ ਰਿਕਾਰਡ ਦੀ ਮੁਕੰਮਲ ਪੜਤਾਲ ਕਰ ਕੇ ਇਸ ਦੀ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫਾਈਲ 'ਤੇ ਆਏ ਰਿਕਾਰਡ ਦੀ ਘੋਖ ਕਰਨ 'ਤੇ ਪਾਇਆ ਗਿਆ ਕਿ ਪਟਵਾਰੀ ਪਰਮਿੰਦਰ ਸਿੰਘ, ਜਿਸ ਕੋਲ ਪਟਵਾਰ ਸਰਕਲ ਪੱਖੋਂ ਕਲਾਂ 'ਬੀ' ਤੇ 'ਸੀ' ਅਤੇ ਰੂੜਾ ਖੁਰਦ ਦਾ ਚਾਰਜ ਸੀ, ਨੇ ਤਾਇਨਾਤੀ ਦੌਰਾਨ ਮਾਲ ਰਿਕਾਰਡ 'ਤੇ ਸੀ. ਆਰ. ਓ. ਅਤੇ ਹਲਕਾ ਕਾਨੂੰਨਗੋ ਦੇ ਜਾਅਲੀ ਦਸਤਖ਼ਤ ਕੀਤੇ । ਪਟਵਾਰੀ ਪਰਮਿੰਦਰ ਸਿੰਘ ਵੱਲੋਂ ਚਾਰ ਇੰਤਕਾਲਾਂ 'ਤੇ ਸੀ. ਆਰ. ਓ. ਦੇ ਤੇ ਦੋ ਇੰਤਕਾਲਾਂ 'ਤੇ ਕਾਨੂੰਨਗੋ ਦੇ ਜਾਅਲੀ ਦਸਤਖ਼ਤ ਕੀਤੇ ਗਏ ਅਤੇ ਇਸੇ ਤਰ੍ਹਾਂ 47 ਇੰਤਕਾਲਾਂ 'ਤੇ ਸੀ. ਆਰ. ਓ. ਤੇ ਕਾਨੂੰਨਗੋ ਦੋਵਾਂ ਦੇ ਜਾਅਲੀ ਦਸਤਖ਼ਤ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਵੱਲੋਂ ਇਕ ਫਰਦ 'ਤੇ ਵੀ ਕਾਨੂੰਨਗੋ ਦੇ ਜਾਅਲੀ ਦਸਤਖ਼ਤ ਕਰਨ ਦਾ ਮਾਮਲਾ ਸਹੀ ਪਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੜਤਾਲ 'ਚ ਇਹ ਵੀ ਪਾਇਆ ਗਿਆ ਕਿ 17 ਇੰਤਕਾਲਾਂ ਦੀ ਪਰਤ ਸਰਕਾਰ ਨੂੰ ਪ੍ਰਾਪਤ ਹੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ ਵਿਰੁੱਧ ਪੰਜਾਬ ਸਿਵਲ ਸਰਵਿਸ ਰੂਲਜ਼ ਅਧੀਨ ਕੀਤੀ ਗਈ ਕਾਰਵਾਈ ਦੌਰਾਨ ਉਸ ਵੱਲੋਂ ਕੋਈ ਵੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਦੇ ਮੱਦੇਨਜ਼ਰ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ।


Related News