ਜਲੰਧਰ ਨਿਗਮ ਦੀ ਅਕਾਊਂਟਸ ਬਰਾਂਚ ’ਚ ਲੱਖਾਂ ਦੇ ਘਪਲੇ ਦੀ ਚਰਚਾ, ਅਧਿਕਾਰੀ ਕਰ ਰਹੇ ਹਨ ਜਾਂਚ
Wednesday, Dec 27, 2023 - 03:46 PM (IST)
ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਗਰ ਨਿਗਮ ਅਕਸਰ ਚਰਚਾ ਵਿਚ ਰਹਿੰਦਾ ਆਇਆ ਹੈ। ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਦੀਆਂ ਸੈਂਕੜੇ ਉਦਾਹਰਣਾਂ ਦੇ ਨਾਲ-ਨਾਲ ਇਸ ਨਿਗਮ ਵਿਚ ਠੇਕੇਦਾਰਾਂ ਅਤੇ ਨਿਗਮ ਅਧਿਕਾਰੀਆਂ ਦਾ ਨੈਕਸਸ ਵੀ ਕਿਸੇ ਸਰਕਾਰ ਤੋਂ ਟੁੱਟਦਾ ਨਜ਼ਰ ਨਹੀਂ ਆਇਆ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ ਪੌਣੇ 2 ਸਾਲ ਹੋ ਚੁੱਕੇ ਹਨ ਅਤੇ ਜਲੰਧਰ ਨਿਗਮ ਵਿਚ ਅਜੇ ਤਕ ‘ਆਪ’ ਦੀ ਸਰਕਾਰ ਨਹੀਂ ਆਈ। ਪਿਛਲੇ ਲਗਭਗ ਇਕ ਸਾਲ ਤੋਂ ਜਲੰਧਰ ਨਿਗਮ ਸਿਆਸੀ ਲੀਡਰਸ਼ਿਪ ਤੋਂ ਵਾਂਝਾ ਚੱਲਿਆ ਆ ਰਿਹਾ ਹੈ। ਅਜਿਹੇ ਵਿਚ ਆਮ ਆਦਮੀ ਪਾਰਟੀ ਦੇ ਰਾਜ ਵਿਚ ਜਲੰਧਰ ਨਿਗਮ ਵਿਚ ਪਹਿਲੇ ਘਪਲੇ ਦੀ ਚਰਚਾ ਸੁਣਾਈ ਦਿੱਤੀ ਹੈ।
ਦੋਸ਼ ਹੈ ਕਿ ਜਲੰਧਰ ਨਿਗਮ ਦੇ ਅਕਾਊਂਟਸ ਆਫਿਸ ਵਿਚ ਲੱਖਾਂ ਰੁਪਏ ਦਾ ਫਰਜ਼ੀਵਾੜਾ ਅਤੇ ਘਪਲਾ ਹੋਇਆ ਹੈ। ਪਤਾ ਲੱਗਾ ਹੈ ਕਿ ਇਸ ਬਾਬਤ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਪ੍ਰਾਪਤ ਹੋ ਚੁੱਕੀ ਹੈ ਅਤੇ ਕੁਝ ਅਧਿਕਾਰੀ ਆਪਣੇ ਪੱਧਰ ’ਤੇ ਇਸ ਦੀ ਜਾਂਚ ਵਿਚ ਵੀ ਲੱਗੇ ਹੋਏ ਹਨ ਪਰ ਫਿਰ ਵੀ ਇਸ ਕਾਂਡ ਨੂੰ ਦਬਾਉਣ ਦੇ ਯਤਨ ਜ਼ਿਆਦਾ ਹੋ ਰਹੇ ਹਨ ਅਤੇ ਹੁਣ ਤਕ ਹੋਈ ਜਾਂਚ ਦੀ ਕੋਈ ਰਿਪੋਰਟ ਵੀ ਜਨਤਕ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਸਵਦੇਸ਼ ਪਰਤੇ, ਸੁਣਾਈ ਹੱਡਬੀਤੀ
7 ਲੱਖ 44 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਗੜਬੜੀ ਵਾਲੀ ਰਾਸ਼ੀ, ਪੈਸੇ ਵੀ ਕਢਵਾ ਲਏ ਜਾਣ ਦਾ ਦੋਸ਼
ਨਿਗਮ ਦੇ ਅਕਾਊਂਟਸ ਆਫਿਸ ਵਿਚ ਜੇਕਰ ਘਪਲਾ ਹੋਇਆ ਹੈ ਤਾਂ ਉਹ ਕਿੰਨੇ ਲੱਖ ਰੁਪਏ ਦਾ ਹੈ, ਇਸ ਬਾਬਤ ਜ਼ਿਆਦਾ ਜਾਣਕਾਰੀ ਤਾਂ ਬਾਹਰ ਨਹੀਂ ਆ ਰਹੀ ਪਰ 7 ਲੱਖ 44 ਹਜ਼ਾਰ ਰੁਪਏ ਦੀ ਇਕ ਰਾਸ਼ੀ ਦੇ ਭੁਗਤਾਨ ਵਿਚ ਗੜਬੜੀ ਦੇ ਦੋਸ਼ ਜ਼ਰੂਰ ਲਾਏ ਜਾ ਰਹੇ ਹਨ। ਸ਼ਿਕਾਇਤਕਰਤਾ ਦਾ ਮੰਨਣਾ ਹੈ ਕਿ ਇਸ ਰਾਸ਼ੀ ਨੂੰ ਗਲਤ ਢੰਗ ਅਤੇ ਫਰਜ਼ੀ ਵਿਅਕਤੀ ਦੀ ਆਈ. ਡੀ. ਵਿਖਾ ਕੇ ਇਕ ਬੈਂਕ ਖਾਤੇ ਵਿਚ ਟਰਾਂਸਫਰ ਕੀਤਾ ਗਿਆ ਅਤੇ ਉਸ ਵਿਚੋਂ 2 ਐਂਟਰੀਆਂ ਘਪਲੇ ਵਿਚ ਸ਼ਾਮਲ ਵਿਅਕਤੀਆਂ ਦੇ ਖ਼ਾਤੇ ਵਿਚ ਗਈਆਂ। ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਇਸ ਘਟਨਾ ਦੀ ਵਿਸਤ੍ਰਿਤ ਜਾਂਚ ਕਰਵਾਈ ਜਾਵੇ ਅਤੇ ਮੁਲਜ਼ਮ ਤੋਂ ਪੁੱਛਗਿੱਛ ਹੋਵੇ ਤਾਂ ਕਾਫ਼ੀ ਕੁਝ ਸਾਹਮਣੇ ਆ ਸਕਦਾ ਹੈ।
ਪਹਿਲਾਂ ਲੋਕਲ ਬਾਡੀਜ਼ ਮੰਤਰੀ ਅਤੇ ਹੁਣ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਆਇਆ ਮਾਮਲਾ
ਨਿਗਮ ਦੇ ਅਕਾਊਂਟਸ ਆਫਿਸ ਵਿਚ ਹੋਏ ਇਸ ਕਥਿਤ ਘਪਲੇ ਦੀ ਚਰਚਾ ਪਿਛਲੇ ਲਗਭਗ 1-2 ਮਹੀਨੇ ਤੋਂ ਜਾਰੀ ਹੈ। ਪਤਾ ਲੱਗਾ ਹੈ ਕਿ ਲਗਭਗ ਇਕ ਮਹੀਨਾ ਪਹਿਲਾਂ ਲੋਕਲ ਬਾਡੀਜ਼ ਮੰਤਰੀ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆਂਦਾ ਗਿਆ ਸੀ ਅਤੇ ਹੁਣ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਆਦਿੱਤਿਆ ਉੱਪਲ ਦੇ ਨੋਟਿਸ ’ਚ ਵੀ ਇਹ ਮਾਮਲਾ ਆ ਚੁੱਕਾ ਹੈ, ਜਿਨ੍ਹਾਂ ਨੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਹੁਣ ਦੇਖਣਾ ਹੈ ਕਿ ਇਸ ਘਪਲੇ ਦੀ ਜਾਂਚ ਦੌਰਾਨ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਹਨ।
ਘਪਲੇ ’ਚ ਸ਼ਾਮਲ ਰਾਸ਼ੀ ਨੂੰ ਜਮ੍ਹਾ ਕਰਵਾਏ ਜਾਣ ਦੀ ਵੀ ਚਰਚਾ
ਨਗਰ ਨਿਗਮ ਦੇ ਚੌਥਾ ਦਰਜਾ ਕਰਮਚਾਰੀ ਖਾਸ ਕਰ ਕੇ ਯੂਨੀਅਨ ਆਗੂਆਂ ਵਿਚ ਇਸ ਘਪਲੇ ਦੀ ਕਾਫ਼ੀ ਚਰਚਾ ਸੁਣਾਈ ਦੇ ਰਹੀ ਹੈ। ਇਸ ਨੂੰ ਲੈ ਕੇ ਕਿਤੇ ਨਾ ਕਿਤੇ ਟਕਰਾਅ ਵੀ ਦਿਸ ਰਿਹਾ ਹੈ। ਪਤਾ ਲੱਗਾ ਹੈ ਕਿ ਕਥਿਤ ਘਪਲੇ ਨੂੰ ਲਾਪ੍ਰਵਾਹੀ ਸਾਬਿਤ ਕਰਨ ਲਈ ਫਰਜ਼ੀਵਾੜੇ ਵਿਚ ਸ਼ਾਮਲ ਰਾਸ਼ੀ ਨੂੰ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਕਰਵਾਏ ਜਾਣ ਦੇ ਯਤਨ ਚੱਲ ਰਹੇ ਹਨ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਦੀ ਜਾਂਚ ਕਿਥੋਂ ਤਕ ਪਹੁੰਚਦੀ ਹੈ ਅਤੇ ਜੇਕਰ ਨਿਗਮ ਦੇ ਖਜ਼ਾਨੇ ਵਿਚੋਂ ਪੈਸੇ ਗਲਤ ਢੰਗ ਨਾਲ ਕਢਵਾਏ ਗਏ ਹਨ ਤਾਂ ਉਸਦੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਵੈਸੇ ਕਿਹਾ ਇਹ ਜਾ ਰਿਹਾ ਹੈ ਕਿ ਸਬੰਧਤ ਦਸਤਾਵੇਜ਼ਾਂ ’ਤੇ ਵੱਡੇ ਅਧਿਕਾਰੀਆਂ ਦੇ ਵੀ ਦਸਤਖ਼ਤ ਹਨ।
ਇਹ ਵੀ ਪੜ੍ਹੋ : ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।