ਪੀਣ ਵਾਲੇ ਪਾਣੀ ’ਚੋਂ ਨਿਕਲ ਰਹੇ ਹਨ ਕੀੜੇ
Saturday, Aug 25, 2018 - 02:41 AM (IST)

ਲਹਿਰਾ ਮੁਹੱਬਤ, (ਮਨੀਸ਼)-ਲਹਿਰਾ ਮੁਹੱਬਤ ਵਾਸੀਆਂ ਨੂੰ ਵਾਟਰ ਵਰਕਸ ਤੋਂ ਗੰਦਾ ਪਾਣੀ ਸਪਲਾਈ ਹੋਣ ਕਾਰਨ ਅੱਜ ਪਿੰਡ ਵਾਸੀਆਂ ਨੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਕੱਠੇ ਹੋਏ ਪਿੰਡ ਵਾਸੀਆਂ ਦੱਸਿਆ ਕਿ ਇਸ ਗੰਦੇੇ ਪਾਣੀ ਨਾਲ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਵਾਰਡ ਨੰਬਰ 3 ਅਤੇ 4 ਨੂੰ ਜਲ ਘਰ ਤੋਂ ਜੋ ਸਪਲਾਈ ਮਿਲ ਰਹੀ ਹੈ, ਉਸ ’ਚ ਕੀਡ਼ੇ, ਛੋਟੇ-ਛੋਟੇ ਜੀਵ ਜੰਤੂ, ਬਦਬੂ ਮਾਰਦਾ ਗੰਦਲਾ ਪਾਣੀ ਅਤੇ ਕਈ ਤਰ੍ਹਾਂ ਦੇੇ ਕਣ ਵੇੇਖਣ ਨੂੰ ਮਿਲਦੇ ਹਨ। ਅੱਜ ਇਥੇ ਇਕੱਠੇ ਹੋਏ ਨਗਰ ਵਾਸੀ ਹਰਦੀਪ ਸਿੰਘ, ਤੇਜਾ ਸਿੰਘ, ਕਿਰਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਜਸਵੀਰ ਕੌਰ ਸਮੇਤ ਸੈਂਕਡ਼ੇ ਮਰਦ ਅਤੇ ਅੌਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਨੂੰ ਜੋ ਪਾਣੀ ਸਪਲਾਈ ਹੋ ਰਿਹਾ ਹੈ, ਉਸ ਪਾਣੀ ’ਚੋਂ ਸਡ਼ਾਂਦ ਅਤੇ ਬਦਬੂ ਆਉਂਦੀ ਹੈ। ਅੱਜ ਇੰਨਾਂ ਪਾਣੀ ਨੂੰ ਬਾਲਟੀਆਂ ਅਤੇ ਟੱਪਾਂ ’ਚ ਪਾ ਕੇ ਦਿਖਾਇਆ ਤਾਂ ਪਾਣੀ ਕਾਲੇ ਰੰਗ ਦਾ ਸੀ ਅਤੇ ਬਦਬੂ ਮਾਰ ਰਿਹਾ ਸੀ। ਇੰਨਾਂ ਖਪਤਕਾਰਾਂ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਰਾਜ ਸਰਕਾਰ ਦਮਗਜੇ ਮਾਰ ਰਹੀ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਖਪਤਕਾਰਾਂ ਦੱਸਿਆ ਕਿ ਉਹ ਇਸ ਸਬੰਧੀ ਵਿਭਾਗ ਦੇੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦੇ ਕੇ ਚੁੱਕੇੇ ਹਨ ਪਰ ਮਾਮਲੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਖਪਤਕਾਰਾਂ ਦੱਸਿਆ ਕਿ ਬਿੱਲ ਭਰਨ ਦੇੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਅਮਿਤ ਕੁਮਾਰ ਨੇ ਸੰਪਰਕ ਕੀਤੇ ਜਾਣ ’ਤੇ ਦੱਸਿਆ ਕਿ ਪਾਣੀ ਕਿਸੇ ਜਗ੍ਹਾ ਤੋਂ ਲੀਕੇਜ ਹੈ, ਜਿਥੋਂ ਨਾਲੀਆਂ ਦਾ ਗੰਦਾ ਪਾਣੀ ਵਾਟਰ ਸਪਲਾਈ ’ਚ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਜਲਦੀ ਠੀਕ ਕਰਵਾ ਦਿੱਤੀ ਜਾਵੇੇਗੀ।
ਦੂਸ਼ਿਤ ਪਾਣੀ ਦੀ ਸਪਲਾਈ ਦੂਜੇ ਦਿਨ ਵੀ ਜਾਰੀ
ਭੁੱਚੋ ਮੰਡੀ, (ਨਾਗਪਾਲ)-ਮੰਡੀ ਦੇ ਵੱਖ-ਵੱਖ ਵਾਰਡਾਂ ’ਚ ਦੂਜੇ ਦਿਨ ਵੀ ਪੀਣ ਵਾਲੇ ਪਾਣੀ ਸਪਲਾਈ ’ਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਕਰਕੇ ਸਮੱਸਿਆ ਗੰਭੀਰ ਹੋ ਗਈ ਹੈ। ਇਹ ਦੂਸ਼ਿਤ ਪਾਣੀ ਘਰਾਂ ਦੀਆਂ ਟੈਂਕੀਆਂ ਵਿਚ ਚਡ਼ ਜਾਣ ਕਾਰਨ ਮੰਡੀ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਗੰਦਾ ਪਾਣੀ ਘਰ ਦੇ ਦੂਜੇ ਕੰਮਾਂ ਲਈ ਵੀ ਵਰਤਣ ਯੋਗ ਨਹੀਂ ਹੈ। ਲੋਕਾਂ ਵਲੋਂ ਤਿੱਖਾ ਵਿਰੋਧ ਕੀਤੇ ਜਾਣ ਤੋਂ ਬਾਅਦ ਵਿਭਾਗ ਨੇ ਟੁੱਟੀ ਹੋਈ ਸਪਲਾਈ ਲਾਈਨ ਠੀਕ ਕਰ ਦਿੱਤੀ ਹੈ ਪਰ ਸਾਫ ਪਾਣੀ ਦੀ ਸਪਲਾਈ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ। ਸਾਫ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਲੋਕਾਂ ਨੂੰ ਆਸ-ਪਾਸ ਦੇ ਸਮਰਸੀਅਲ ਪੰਪ ਵਾਲੇ ਘਰਾਂ ਤੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਗੰਦੇ ਪਾਣੀ ਦਾ ਓਵਰਫਲੋ ਹੋਣਾ ਤਾਂ ਆਮ ਜਿਹੀ ਗੱਲ ਬਣ ਗਈ ਹੈ।
ਪ੍ਰਭਾਵਿਤ ਸਪਲਾਈ ਲਾਈਨ ਠੀਕ ਕਰ ਦਿੱਤੀ : ਜੇ. ਈ.
ਇਸ ਸਬੰਧੀ ਵਿਭਾਗ ਦੇ ਜੇ. ਈ. ਬਿਕਰਮਜੀਤ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਬੇਗਾ ਰੋਡ ’ਤੇ ਟੁੱਟੀ ਹੋਈ ਸਪਲਾਈ ਲਾਈਨ ਠੀਕ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 100 ਫੁੱਟ ਪਾਈਪ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਅਤੇ ਇਸ ਪਾਈਪ ਦਾ ਲੇਬਲ ਉੱਚਾ ਹੋਣ ਕਰਕੇ ਆਸ-ਪਾਸ ਦੀ ਮਿੱਟੀ ਪਾਈਪਾਂ ਰਾਹੀਂ ਦੂਜੀਆਂ ਪਾਈਪਾਂ ਵਿਚ ਚਲੇ ਜਾਣ ਨਾਲ ਪਾਣੀ ਗੰਦਲਾ ਹੋ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਾਮ ਤੱਕ ਸਾਫ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ।