ਸਾਹਰੀ ਪਿੰਡ 'ਚ ਘਰਾਂ ਮੂਹਰੇ ਖੜ੍ਹਾ ਹੈ ਗੰਦਾ ਪਾਣੀ
Monday, Aug 14, 2017 - 12:43 PM (IST)
ਨਸਰਾਲਾ(ਚੁੰਬਰ)— ਪਿੰਡ ਸਾਹਰੀ ਵਿਖੇ ਲੋਕਾਂ ਦੇ ਘਰਾਂ ਮੂਹਰੇ ਫਿਰਨੀ ਵਿਚ ਮੀਂਹ ਦਾ ਗੰਦਾ ਪਾਣੀ ਛੋਟੇ-ਛੋਟੇ ਛੱਪੜਾਂ ਦਾ ਰੂਪ ਧਾਰਨ ਕਰੀ ਖੜ੍ਹਾ ਹੈ, ਜਿਸ ਨਾਲ ਉਕਤ ਘਰਾਂ ਵਿਚ ਰਹਿੰਦੇ ਲੋਕ ਬੇਹੱਦ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਇਕ ਪਾਸੇ ਤਾਂ ਬਲਾਕ ਟਾਈਲਾਂ ਲਾ ਕੇ ਗਲੀਆਂ ਪੱਕੀਆਂ ਕੀਤੀਆਂ ਗਈਆਂ ਪਰ ਦੂਜੇ ਪਾਸੇ ਉਕਤ ਟੁੱਟੀਆਂ ਗਲੀਆਂ-ਨਾਲੀਆਂ ਅਤੇ ਸੜਕਾਂ ਦੀ ਕਿਸੇ ਨੇ ਸਾਰ ਵੀ ਨਹੀਂ ਲਈ, ਜਿਸ ਦਾ ਬੁਰਾ ਨਤੀਜਾ ਅੱਜ ਪਿੰਡ ਦੀ ਇਕ ਆਬਾਦੀ ਭੁਗਤ ਰਹੀ ਹੈ। ਡੇਰਾ ਮਹਾਨਪੁਰੀ ਸਾਹਰੀ ਨੂੰ ਜਾਣ ਵਾਲਾ ਮੁੱਖ ਰਸਤਾ, ਜਿਸ ਦੀ ਸੜਕ ਵਜੋਂ ਹੋਂਦ ਹੀ ਖਤਮ ਹੋ ਚੁੱਕੀ ਹੈ, ਵਿਚ ਪਏ ਵੱਡੇ-ਵੱਡੇ ਟੋਏ ਗੰਦੇ ਪਾਣੀ ਨਾਲ ਭਰੇ ਪਏ ਹਨ, ਜਿੱਥੋਂ ਪੈਦਲ ਲੰਘਣਾ ਵੀ ਔਖਾ ਹੈ। ਧਾਰਮਿਕ ਅਸਥਾਨ ਹੋਣ ਕਾਰਨ ਸੈਂਕੜੇ ਸਾਧੂ-ਮਹਾਤਮਾ ਇਥੇ ਨਿੱਤ ਦਿਨ ਆਉਂਦੇ ਜਾਂਦੇ ਹਨ, ਜਿਨ੍ਹਾਂ ਨੂੰ ਵੀ ਪਿੰਡ ਵਾਸੀਆਂ ਵਾਂਗ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੇ ਕੱਪੜੇ ਇਸ ਗੰਦੇ ਪਾਣੀ ਨਾਲ ਖਰਾਬ ਹੋ ਜਾਂਦੇ ਹਨ, ਜਿਸ ਕਾਰਨ ਉਹ ਡਾਢੇ ਦੁਖੀ ਹਨ। ਗੰਦੇ ਪਾਣੀ ਵਿਚੋਂ ਉੱਠਦੀ ਬਦਬੂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਲੋਕਾਂ ਨੇ ਕਿਹਾ ਕਿ ਪਿੰਡ ਵਿਚ 'ਵਿਕਾਸ ਨਹੀਂ ਵਿਨਾਸ਼' ਹੋਇਆ ਹੈ। ਜਦੋਂ ਉਨ੍ਹਾਂ ਦੇ ਘਰਾਂ ਮੂਹਰਿਓਂ ਇਹ ਗੰਦ ਚੁੱਕਿਆ ਜਾਵੇਗਾ ਤਾਂ ਹੀ ਉਹ ਕਹਿਣਗੇ ਕਿ ਵਿਕਾਸ ਹੋਇਆ ਹੈ।
