''ਜਗ ਬਾਣੀ'' ਦੀ ਖਬਰ ਦਾ ਅਸਰ, ਸ਼ਹਿਰ ''ਚ ਗੰਦਗੀ ਦੀ ਸਮੱਸਿਆ ਲਈ ਨਗਰ ਕੌਂਸਲ ਨੇ ਚੁੱਕਿਆ ਸਖਤ ਕਦਮ
Monday, Aug 21, 2017 - 12:17 PM (IST)

ਰੂਪਨਗਰ(ਵਿਜੇ)— ਸ਼ਹਿਰ 'ਚ ਗੰਦਗੀ ਦੀ ਸਮੱਸਿਆ ਸਬੰਧੀ 'ਜਗ ਬਾਣੀ' 'ਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੌਂਸਲ ਹਰਕਤ 'ਚ ਆ ਗਈ ਹੈ। ਜਾਣਕਾਰੀ ਅਨੁਸਾਰ ਕਈ ਦਿਨਾਂ ਤੋਂ ਰੂਪਨਗਰ ਸ਼ਹਿਰ 'ਚ ਸਫਾਈ ਨਹੀਂ ਹੋ ਰਹੀ ਸੀ ਕਿਉਂਕਿ ਨਗਰ ਕੌਂਸਲ ਕੋਲ ਸ਼ਹਿਰ ਦਾ ਕੂੜਾ ਸੁੱਟਣ ਲਈ ਕੋਈ ਡੰਪ ਨਹੀਂ ਸੀ ਅਤੇ ਡੰਪ ਦੀ ਲੀਜ਼ ਖਤਮ ਹੋ ਗਈ ਸੀ। ਲੀਜ਼ ਖਤਮ ਹੋਣ ਤੋਂ ਪਹਿਲਾਂ ਨਗਰ ਕੌਂਸਲ ਨੇ ਕੋਈ ਨਵਾਂ ਡੰਪ ਲੀਜ਼ 'ਤੇ ਨਹੀਂ ਲਿਆ ਸੀ, ਜਿਸ ਕਾਰਨ ਸ਼ਹਿਰ 'ਚੋਂ ਕੂੜਾ ਨਹੀਂ ਚੁੱਕਿਆ ਗਿਆ ਅਤੇ ਸ਼ਹਿਰ 'ਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ। ਕੁਝ ਹੀ ਦਿਨਾਂ 'ਚ ਹਰ ਮੁਹੱਲੇ ਤੇ ਸ਼ਹਿਰ ਦੇ ਕੋਨੇ-ਕੋਨੇ 'ਚ ਕੂੜੇ ਦੇ ਢੇਰਾਂ ਕਾਰਨ ਬਦਬੂ ਫੈਲ ਰਹੀ ਸੀ ਅਤੇ ਲੋਕਾਂ ਦਾ ਸ਼ਹਿਰ 'ਚ ਰਹਿਣਾ ਮੁਸ਼ਕਿਲ ਹੋ ਗਿਆ ਸੀ।
'ਜਗ ਬਾਣੀ' ਦੀ ਟੀਮ ਨੇ ਇਹ ਮਾਮਲਾ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਪ੍ਰਸ਼ਾਸਨ ਦੇ ਸਾਹਮਣੇ ਜ਼ੋਰ-ਸ਼ੋਰ ਨਾਲ ਚੁੱਕਿਆ ਸੀ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਇਸ ਦਾ ਅਸਥਾਈ ਹੱਲ ਕੱਢ ਲਿਆ ਹੈ ਪਰ ਹਾਲੇ ਤੱਕ ਕੋਈ ਸਥਾਈ ਹੱਲ ਨਹੀਂ ਕੱਢਿਆ ਜਾ ਸੱਕਿਆ ਅਤੇ ਇਹ ਸਮੱਸਿਆ ਦੁਬਾਰਾ ਖੜ੍ਹੀ ਹੋ ਸਕਦੀ ਹੈ। ਨਗਰ ਕੌਂਸਲ ਨੂੰ ਡੰਪ ਲਈ ਸਮੇਂ ਤੋਂ ਪਹਿਲਾਂ ਜ਼ਮੀਨ ਲੀਜ਼ 'ਤੇ ਲੈਣੀ ਚਾਹੀਦੀ ਸੀ।
ਕੌਂਸਲ ਪ੍ਰਧਾਨ ਨੂੰ ਨਹੀਂ ਪਤਾ ਕਿੱਥੇ ਗੰਦਗੀ ਡੰਪ ਹੋ ਰਹੀ ਹੈ
ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੂੰ ਜਦੋਂ ਨਵੇਂ ਡੰਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਕੋਈ ਜਾਣਕਾਰੀ ਨਹੀਂ। ਇਹ ਜਾਣਕਾਰੀ ਈ. ਓ. ਜਾਂ ਡੀ. ਸੀ. ਕੋਲ ਹੋ ਸਕਦੀ ਹੈ।