ਡੀ. ਜੀ. ਪੀ. ਦੇ ਅਹੁਦੇ ਲਈ ਦਿਨਕਰ ਗੁਪਤਾ ਦੇ ਨਾਂ ''ਤੇ ਲੱਗੀ ਮੋਹਰ!

Wednesday, Feb 06, 2019 - 07:57 AM (IST)

ਡੀ. ਜੀ. ਪੀ. ਦੇ ਅਹੁਦੇ ਲਈ ਦਿਨਕਰ ਗੁਪਤਾ ਦੇ ਨਾਂ ''ਤੇ ਲੱਗੀ ਮੋਹਰ!

ਚੰਡੀਗੜ੍ਹ, (ਵਿਸ਼ੇਸ਼)— ਪੰਜਾਬ ਵਿਚ ਡੀ. ਜੀ. ਪੀ. ਦੇ ਅਹੁਦੇ ਲਈ ਦਿਨਕਰ ਗੁਪਤਾ ਦੇ ਨਾਂ 'ਤੇ ਮੋਹਰ ਲੱਗ ਗਈ ਹੈ।ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਸੰਦ ਪ੍ਰਭਾਵੀ ਰਹੀ।ਕੈਪਟਨ ਨੇ ਕੱਲ ਦੇਰ ਸ਼ਾਮ ਦਿਨਕਰ ਗੁਪਤਾ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ।ਭਾਵੇਂ ਸਰਕਾਰੀ ਤੌਰ 'ਤੇ ਗੁਪਤਾ ਦੇ ਨਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਮੁੱਖ ਮੰਤਰੀ ਦੇ ਨੇੜਲੇ ਸੂਤਰ ਇਹੀ ਦੱਸ ਰਹੇ ਹਨ ਕਿ ਗੁਪਤਾ ਦਾ ਡੀ. ਜੀ. ਪੀ. ਬਣਨਾ ਤੈਅ ਹੋ ਗਿਆ ਹੈ।
ਯੂ. ਪੀ. ਐੱਸ. ਸੀ. ਨੇ 3 ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਪੰਜਾਬ ਸਰਕਾਰ ਨੂੰ ਭੇਜਿਆ ਸੀ, ਜਿਸ ਵਿਚ ਮੁਹੰਮਦ ਮੁਸਤਫਾ, ਸਮੰਤ ਗੋਇਲ ਅਤੇ ਦਿਨਕਰ ਗੁਪਤਾ ਦੇ ਨਾਂ ਸ਼ਾਮਲ ਸਨ।ਦੇਰ ਸ਼ਾਮ ਨੂੰ ਟੈਲੀਵਿਜ਼ਨ  ਚੈਨਲਾਂ ਅਤੇ ਵੈੱਬ ਪੋਰਟਲਾਂ 'ਤੇ ਗੁਪਤਾ ਦੇ ਨਾਂ 'ਤੇ ਮੋਹਰ ਲੱਗਣ ਦੀਆਂ ਖਬਰਾਂ ਪ੍ਰਸਾਰਤ ਵੀ ਹੋ ਗਈਆਂ।ਇਸ ਤਰ੍ਹਾਂ ਹੁਣ ਡੀ.ਜੀ. ਪੀ. ਨੂੰ ਲੈ ਕੇ ਚੱਲ ਰਹੀ ਰੇਸ ਖਤਮ ਹੋ ਗਈ ਦੱਸੀ ਜਾ ਰਹੀ ਹੈ।

ਭਾਵੇਂ ਮੌਜੂਦਾ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਾਰਜਕਾਲ ਸਤੰਬਰ 2019 ਤਕ ਕੇਂਦਰੀ ਗ੍ਰਹਿ ਮੰਤਰਾਲਾ ਨੇ ਵਧਾ ਦਿੱਤਾ ਸੀ ਪਰ ਅਰੋੜਾ ਨੇ ਆਪਣਾ ਸੇਵਾਕਾਲ ਅੱਗੇ ਨਾ ਵਧਾਉਣ ਦੀ ਗੁਜਾਰਿਸ਼ ਸੂਬਾਈ ਸਰਕਾਰ ਨੂੰ ਕੀਤੀ ਸੀ, ਜਿਸ ਤੋਂ ਬਾਅਦ  ਪੁਲਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਬਣਾ ਕੇ ਯੂ. ਪੀ. ਐੱਸ. ਸੀ. ਨੂੰ ਭੇਜਿਆ ਗਿਆ ਸੀ।ਯੂ. ਪੀ. ਐੱਸ. ਸੀ. ਨੇ 5 ਅਧਿਕਾਰੀਆਂ ਵਿਚੋਂ 3 ਦੀ ਚੋਣ ਕਰ ਲਈ ਸੀ।ਦੱਸਿਆ ਜਾਂਦਾ ਹੈ ਕਿ ਮੁਹੰਮਦ ਮੁਸਤਫਾ ਦੇ ਰਸਤੇ ਵਿਚ ਸਭ ਤੋਂ ਵੱਡਾ ਅੜਿੱਕਾ ਇਹ ਸੀ ਕਿ ਉਨ੍ਹਾਂ ਦੀ  ਪਤਨੀ ਪੰਜਾਬ ਵਿਚ ਕੈਬਨਿਟ ਮੰਤਰੀ ਹੈ। ਫਿਰ ਲੋਕ ਸਭਾ ਚੋਣਾਂ ਵੀ ਨੇੜੇ ਆ ਗਈਆਂ ਹਨ।ਅਜਿਹੀ ਸਥਿਤੀ ਵਿਚ ਮੁੱਖ ਮੰਤਰੀ ਨੇ ਸਮੰਤ ਗੋਇਲ ਅਤੇ ਦਿਨਕਰ ਗੁਪਤਾ ਵਿਚੋਂ ਕਿਸੇ ਇਕ ਦੀ  ਚੋਣ ਕਰਨੀ ਸੀ ਅਤੇ ਗੁਪਤਾ ਸ਼ੁਰੂ ਤੋਂ ਹੀ ਮੁੱਖ ਮੰਤਰੀ ਦੀ ਪਸੰਦ ਰਹੇ ਹਨ।ਗੁਪਤਾ ਇਸ ਸਮੇਂ ਡੀ. ਜੀ. ਪੀ. ਇੰਟੈਲੀਜੈਂਸ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ।


Related News