ਓਵਰਲੋਡ ਵਾਹਨਾਂ ਤੋਂ ਦੁਖੀ ਲੋਕਾਂ ਨੇ ਤਾਰਾਗੜ੍ਹ-ਬਹਿਰਾਮਪੁਰ ਲਿੰਕ ਰੋਡ ਕੀਤਾ ਜਾਮ
Thursday, Sep 26, 2019 - 05:29 PM (IST)

ਦੀਨਾਨਗਰ (ਦੀਪਕ) : ਤਾਰਾਗੜ੍ਹ-ਬਹਿਰਾਮਪੁਰ ਲਿੰਕ ਰੋਡ 'ਤੋਂ ਲੰਘਦੇ ਓਵਰਲੋਡ ਵਾਹਨਾਂ ਤੋਂ ਦੁਖੀ ਪਿੰਡ ਮਰਾਡਾ ਵਾਸੀਆਂ ਨੇ 6 ਘੰਟੇ ਲਿੰਕ ਰੋਡ ਜਾਮ ਕਰਕੇ ਰੇਤ ਮਾਫੀਆ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੇਤ ਬੱਜਰੀ ਦੇ ਭਰੇ ਓਵਰਲੋਡ ਵਾਹਨ ਉਨ੍ਹਾਂ ਦੇ ਘਰਾਂ ਕੋਲੋਂ ਮੌਤ ਬਣ ਕੇ ਲੰਘਦੇ ਹਨ। ਹਾਲਾਂਕਿ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਵੀ ਉਨ੍ਹਾਂ ਵਲੋਂ ਕਈ ਵਾਰ ਸੂਚਿਤ ਕੀਤਾ ਗਿਆ ਪਰ ਪ੍ਰਸ਼ਾਸਨ ਵਲੋਂ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਦੇ 5 ਸਕੂਲ ਇਸ ਰੋਡ 'ਤੇ ਹਨ, ਜਿਸ ਕਾਰਨ ਸਕੂਲ ਸਮੇਂ ਵੀ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਪਹਿਲਾ ਵੀ ਇਥੇ ਭਾਰੀ ਵਾਹਨਾਂ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਨਵੀਂ ਬਣੀ ਸੜਕ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸਬੰਧੀ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਰੋਕ ਲਗਾਉਣ ਦਾ ਲਿਖਤੀ ਰੂਪ 'ਚ ਵਿਸ਼ਵਾਸ ਦਿੱਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਜ਼ਿਲਾ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਚੁੱਕੇ ਹਨ ਪਰ ਉਨ੍ਹਾਂ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਵਲੋਂ ਇਸ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ।