ਮੋਹਾਲੀ ਦੀ ਕੈਡਿਟ ਦਿਲਪ੍ਰੀਤ ਕੌਰ ਨੇ NDA ਦੀ ਸਾਂਝੀ ਮੈਰਿਟ ''ਚ 27ਵਾਂ ਸਥਾਨ ਕੀਤਾ ਹਾਸਲ
Thursday, Jun 16, 2022 - 07:34 PM (IST)
ਚੰਡੀਗੜ੍ਹ : ਸੂਬੇ ਦਾ ਨਾਂ ਰੌਸ਼ਨ ਕਰਦਿਆਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਦੀ ਕੈਡਿਟ ਦਿਲਪ੍ਰੀਤ ਕੌਰ ਨੇ ਦੇਸ਼ ਦੀ ਵੱਕਾਰੀ ਫੌਜੀ ਸਿਖਲਾਈ ਸੰਸਥਾ ਨੈਸ਼ਨਲ ਡਿਫੈਂਸ ਅਕੈਡਮੀ ਦੀ ਲੜਕੇ ਤੇ ਲੜਕੀਆਂ ਦੀ ਆਲ ਇੰਡੀਆ ਸਾਂਝੀ ਮੈਰਿਟ ਦੇ ਪਹਿਲੇ ਬੈਚ ਵਿੱਚ 27ਵਾਂ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਉਸ ਨੇ ਪੰਜਾਬ ਵਿੱਚ ਟਾਪਰ ਹੋਣ ਦੇ ਨਾਲ-ਨਾਲ ਕੁਲ ਮਿਲਾ ਕੇ ਚੋਟੀ ਦੇ 4 ਵਿੱਚ ਰੈਂਕ ਵੀ ਪ੍ਰਾਪਤ ਕੀਤਾ। ਉਹ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਨਾਲ ਸਬੰਧਿਤ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਵੱਡੀ ਕਾਰਵਾਈ : 4 ਹੋਰ ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਦੱਸਣਯੋਗ ਹੈ ਕਿ ਇਹ ਮੈਰਿਟ ਸਤੰਬਰ 2021 ਨੂੰ ਪਾਸ ਕੀਤੇ ਗਏ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਹੁਣ ਐੱਨ.ਡੀ.ਏ. 'ਚ ਸ਼ਾਮਲ ਹੋ ਸਕਦੀਆਂ ਹਨ। ਵੇਰਵਿਆਂ ਦਾ ਖੁਲਾਸਾ ਕਰਦਿਆਂ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ 2 ਹੋਰ ਲੜਕੀਆਂ ਪ੍ਰਭਸਿਮਰਨ ਕੌਰ ਤੇ ਪੱਲਵੀ ਵੀ ਅੰਤਿਮ ਮੈਰਿਟ ਸੂਚੀ ਦੀ ਉਡੀਕ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਏਅਰ ਫੋਰਸ ਅਕੈਡਮੀ 'ਚ ਸ਼ਾਮਲ ਹੋਣ ਲਈ ਬੁਲਾਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਪੁਲਸ ਨੇ ਹੁਸ਼ਿਆਰਪੁਰ ਤੋਂ ਦਬੋਚਿਆ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ
ਜ਼ਿਕਰਯੋਗ ਹੈ ਕਿ ਐੱਸ.ਏ.ਐੱਸ. ਨਗਰ ਮੋਹਾਲੀ ਵਿਖੇ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਜੋ ਇਸ ਸਮੇਂ ਸੰਸਥਾਪਕ ਡਾਇਰੈਕਟਰ ਮੇਜਰ ਜਨਰਲ ਆਈ.ਪੀ. ਸਿੰਘ ਵੀ.ਐੱਸ.ਐੱਮ. ਦੀ ਅਗਵਾਈ ਅਧੀਨ ਕਾਰਜਸ਼ੀਲ ਹੈ, ਪੰਜਾਬ ਸਰਕਾਰ ਦਾ "ਪ੍ਰਾਈਡ ਆਫ਼ ਪੰਜਾਬ" ਉਪਰਾਲਾ ਹੈ। ਇਹ ਇੰਸਟੀਚਿਊਟ 2018 ਤੋਂ ਸ਼ਲਾਘਾਯੋਗ ਪ੍ਰਦਰਸ਼ਨ ਕਰ ਰਿਹਾ ਹੈ ਤੇ ਹੁਣ ਤੱਕ 18 ਲੇਡੀ ਕੈਡਿਟ ਪਹਿਲਾਂ ਹੀ ਆਰਮਡ ਫੋਰਸਿਜ਼ ਵਿੱਚ ਕਮਿਸ਼ਨਡ ਅਫ਼ਸਰ ਬਣ ਚੁੱਕੇ ਹਨ ਅਤੇ ਹੋਰ ਕਈ ਕੈਡਿਟ ਲਿਖਤੀ ਤੇ ਐੱਸ.ਐੱਸ.ਬੀ. ਪ੍ਰੀਖਿਆ ਲਈ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਮਰਹੂਮ ਗਾਇਕ ਚਮਕੀਲੇ ਦਾ ਪੁੱਤ ਇਕ ਕਿਲੋ ਅਫੀਮ ਸਣੇ ਗ੍ਰਿਫ਼ਤਾਰ (ਵੀਡੀਓ)
ਉਨ੍ਹਾਂ ਅੱਗੇ ਦੱਸਿਆ ਕਿ ਇਹ ਢੁੱਕਵੇਂ ਰਿਹਾਇਸ਼ੀ ਪ੍ਰਬੰਧਾਂ ਵਾਲਾ ਦੇਸ਼ ਵਿੱਚ ਆਪਣੀ ਕਿਸਮ ਦਾ ਇਕ-ਇਕੋ ਇੰਸਟੀਚਿਊਟ ਹੈ, ਜੋ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਕਰੀਅਰ ਬਣਾਉਣ ਲਈ ਸਿਖਲਾਈ ਦਿੰਦਾ ਹੈ। 3 ਸਾਲਾ ਪ੍ਰੋਗਰਾਮ ਵਿੱਚ ਲੇਡੀ ਕੈਡੇਟਸ ਐੱਮ.ਸੀ.ਏ. ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਟ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਵਿਲੱਖਣ ਸ਼ਖਸੀਅਤ ਲਈ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਏ.ਐੱਫ.ਸੀ.ਏ.ਟੀ. ਅਤੇ ਸੀ.ਡੀ.ਐੱਸ. ਲਿਖਤੀ ਇਮਤਿਹਾਨਾਂ ਤੇ ਐੱਸ.ਐੱਸ.ਬੀ. ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉੱਚ ਪੱਧਰੀ ਭਰੋਸੇਯੋਗਤਾ ਨਾਲ ਰਾਸ਼ਟਰੀ ਪੱਧਰ 'ਤੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ।